ਰੂਸ, 22 ਅਕਤੂਬਰ
ਰੂਸ ਵਿੱਚ ਇੱਕ ਗੰਨ ਪਾਊਡਰ ਫੈਕਟਰੀ ਵਿੱਚ ਧਮਾਕਾ ਹੋਣ ਅਤੇ ਅੱਗ ਲੱਗਣ ਕਾਰਨ 16 ਜਣਿਆਂ ਦੀ ਮੌਤ ਹੋ ਗਈ ਹੈ। ਹੰਗਾਮੀ ਸਥਿਤੀ ਮੰਤਰਾਲੇ (ਈਐੱਸਐੱਮ) ਨੇ ਦੱਸਿਆ ਕਿ ਇਹ ਧਮਾਕਾ ਮਾਸਕੋ ਦੇ 270 ਕਿਲੋਮੀਟਰ ਦੱਖਣ-ਪੂਰਬ ਵਿੱਚ ਰਯਾਜ਼ਨ ਇਲਾਕੇ ਅੰਦਰ ਐਲਾਸਟਿਕ ਫੈਕਟਰੀ ਵਿੱਚ ਹੋਇਆ। ਅਧਿਕਾਰੀਆਂ ਨੇ ਮੁੱਢਲੇ ਤੌਰ ‘ਤੇ ਦੱਸਿਆ ਸੀ ਕਿ ਧਮਾਕੇ ਵਿੱਚ 7 ਜਣਿਆਂ ਦੀ ਮੌਤ ਹੋਈ ਹੈ ਅਤੇ 9 ਜਣੇ ਲਾਪਤਾ ਹਨ ਪਰ ਬਾਅਦ ਵਿੱਚ ਐਲਾਨ ਕੀਤਾ ਗਿਆ ਜਿੰਨੇ ਲੋਕ ਵੀ ਲਾਪਤਾ ਹਨ ਉਹ ਸਾਰੇ ਮਾਰੇ ਗਏ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਗੰਭੀਰ ਜ਼ਖ਼ਮੀ ਇੱਕ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ‘ਚ 170 ਵਰਕਰ ਅਤੇ 50 ਵਾਹਨ ਸ਼ਾਮਲ ਸਨ। ਈਐੱਸਐੱਮ ਨੇ ਦੱਸਿਆ ਕਿ ਉਕਤ ਧਮਾਕਾ ਉਤਪਾਦਨ ਪ੍ਰਕਿਰਿਆ ਦੌਰਾਨ ਕੋਈ ਗੜਬੜੀ ਹੋਣ ਕਾਰਨ ਹੋਇਆ। -ਏਪੀ