ਜੰਮੂ, 24 ਅਕਤੂਬਰ
ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਜੰਗਲਾਂ ਵਿੱਚ ਅੱਜ ਫੌਜ ਤੇ ਪੁਲੀਸ ਦੀ ਸਾਂਝੀ ਟੀਮ ਵੱਲੋਂ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਦੌਰਾਨ ਦਹਿਸ਼ਤਗਰਦਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਸੁਰੱਖਿਆ ਬਲਾਂ ਦੇ ਤਿੰਨ ਜਵਾਨ ਤੇ ਗ੍ਰਿਫਤਾਰ ਕੀਤਾ ਪਾਕਿਸਤਾਨੀ ਦਹਿਸ਼ਤਗਰਦ ਜ਼ਖ਼ਮੀ ਹੋ ਗੲੇ। ਅਧਿਕਾਰੀਆਂ ਨੇ ਕਿਹਾ ਕਿ ਮੇਂਧੜ ਦੇ ਭੱਟਾ ਦੂਰੀਆਂ ਜੰਗਲ ਵਿੱਚ ਭਾਰੀ ਗੋਲੀਬਾਰੀ ਤੇ ਧਮਾਕੇ ਹੋਣ ਦੀਆਂ ਰਿਪੋਰਟਾਂ ਹਨ। ਸਲਾਮੀ ਦਸਤਿਆਂ ਵੱਲੋਂ ਪੁਣਛ ਦੇ ਸੂਰਨਕੋਟ ਤੇ ਰਾਜੌਰੀ ਦੇ ਥਾਣਾਮੰਡੀ ਦੇ ਨਾਲ ਲਗਦੇ ਜੰਗਲਾਂ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਫੌਜ ਵੱਲੋਂ ਪੁਲੀਸ ਨਾਲ ਮਿਲ ਕੇ ਵਿੱਢੀ ਤਲਾਸ਼ੀ ਮੁਹਿੰਮ ਅੱਜ 14ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਸੂਰਨਕੋਟ ਤੇ ਮੇਂਧੜ ਵਿੱਚ ਕ੍ਰਮਵਾਰ 11 ਤੇ 14 ਅਕਤੂਬਰ ਨੂੰ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਹੁਣ ਤੱਕ ਸੁਰੱਖਿਆ ਬਲਾਂ ਦੇ 9 ਜਵਾਨਾਂ ਦੀ ਜਾਨ ਜਾਂਦੀ ਰਹੀ ਹੈ। ਪੁਲੀਸ ਤਰਜਮਾਨ ਨੇ ਕਿਹਾ ਕਿ ਭੱਟਾ ਦੂਰੀਆਂ ਦੇ ਜੰਗਲ ਵਿੱਚ ਅੱਜ ਸਵੇਰੇ ਦਹਿਸ਼ਤਗਰਦਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਦੋ ਪੁਲੀਸ ਮੁਲਾਜ਼ਮ ਤੇ ਇਕ ਫੌਜੀ ਜਵਾਨ ਸਮੇਤ ਲਸ਼ਕਰ-ੲੇ-ਤਇਬਾ ਨਾਲ ਜੁੜਿਆ ਪਾਕਿਸਤਾਨੀ ਦਹਿਸ਼ਤਗਰਦ ਜ਼ੀਆ ਮੁਸਤਫ਼ਾ, ਜੋ ਪੁਲੀਸ ਦੀ ਗ੍ਰਿਫ਼ਤ ਵਿੱਚ ਸੀ, ਜ਼ਖਮੀ ਹੋ ਗਏ। ਪੀਟੀਆਈ