ਸ੍ਰੀਨਗਰ, 24 ਅਕਤੂਬਰ
ਪੀਪਲਜ਼ ਡੈਮੋਕੈਰਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਜੰਮੂ ਤੇ ਕਸ਼ਮੀਰ ਦੇ ਹਾਲਾਤ ਨਾਲ ਸਿੱਝਣ ਦਾ ਇਕੋ ਇਕ ਤਰੀਕਾ ਇਥੋੋਂ ਦੇ ਲੋਕਾਂ ਦਾ ਦਮਨ ਤੇ ਉਨ੍ਹਾਂ ਨਾਲ ਧੱਕਾ ਕਰਨਾ ਹੈ। ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਵੱਲੋਂ ਵਾਦੀ ਵਿੱਚ ਹਾਲੀਆ ਹਿੰਸਾ ਦੀਆਂ ਘਟਨਾਵਾਂ ਦੇ ਟਾਕਰੇ ਲਈ ਕਸ਼ਮੀਰ ਵਿੱਚ ਹੋਰ ਪਾਬੰਦੀਆਂ ਲਾਉਣ ਦੀ ਦਿੱਤੀ ਚੇਤਾਵਨੀ ਦੇ ਪ੍ਰਤੀਕਰਮ ਵਿੱਚ ਮਹਿਬੂਬਾ ਨੇ ਕਿਹਾ ਕਿ ਸੀਓਡੀ ਦਾ ਬਿਆਨ ਸਰਕਾਰ ਦੇ ਉਸ ਬਿਆਨ ਦੇ ਬਿਲਕੁਲ ਉਲਟ ਹੈ ਕਿ ‘ਵਾਦੀ ਵਿੱਚ ਸਭ ਕੁਝ ਠੀਕ ਹੈ’। ਸਾਬਕਾ ਮੁੱਖ ਮੰਤਰੀ ਨੇ ਇਕ ਟਵੀਟ ਵਿੱਚ ਕਿਹਾ, ”ਕਸ਼ਮੀਰ ਨੂੰ ਖੁੱਲ੍ਹੀ ਜੇਲ੍ਹ ਵਿਚ ਤਬਦੀਲ ਕਰਨ ਦੇ ਬਾਵਜੂਦ ਬਿਪਿਨ ਰਾਵਤ ਦੇ (ਉਪਰੋਕਤ) ਬਿਆਨ ਨੂੰ ਲੈ ਕੇ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਭਾਰਤ ਸਰਕਾਰ ਕੋਲ ਜੰਮੂ ਤੇ ਕਸ਼ਮੀਰ ਦੇ ਹਾਲਾਤ ਨਾਲ ਸਿੱਝਣ ਦਾ ਇਕੋ ਇਕ ਤਰੀਕਾ ‘ਦਮਨ ਤੇ ਧੱਕਾ’ ਹੈ। ਇਹ ਸਰਕਾਰ ਦੇ ਉਸ ਬਿਆਨ ਦੇ ਵੀ ਉਲਟ ਹੈ ਕਿ ਇਥੇ (ਵਾਦੀ) ਸਭ ਕੁਝ ਠੀਕ ਹੈ।”-ਪੀਟੀਆਈ