ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 25 ਅਕਤੂਬਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰੋਨਾ ਕਾਰਨ ਮਾਰਚ 2021 ਵਿੱਚ ਦਸਵੀਂ ਤੇ ਬਾਰ੍ਹਵੀਂ ਦੇ ਓਪਨ ਸਕੂਲ ਪ੍ਰਣਾਲੀ ਅਧੀਨ ਰੀ-ਅਪੀਅਰ/ ਕੰਪਾਰਟਮੈਂਟ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਕਰਵਾਈ ਗਈ ਸੀ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੀਖਿਆਰਥੀਆਂ ਦੀ ਰੀ-ਅਪੀਅਰ/ ਕੰਪਾਰਟਮੈਂਟ ਵਿਸ਼ਿਆਂ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਹੁਣ 10 ਨਵੰਬਰ ਤੋਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ‘ਚ ਲਈ ਜਾਣ ਵਾਲੀ ਇਸ ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਮਗਰੋਂ ਦਸਵੀਂ ਤੇ ਬਾਰ੍ਹਵੀਂ ਲਈ ਓਪਨ ਸਕੂਲ ਪ੍ਰਣਾਲੀ ਅਧੀਨ ਰੀ-ਅਪੀਅਰ/ਕੰਪਾਰਟਮੈਂਟ ਵਿਸ਼ਿਆਂ ਦੀ ਪ੍ਰੀਖਿਆ ਦੇਣ ਸਬੰਧੀ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰਨ ਸਬੰਧੀ ਸ਼ਡਿਊਲ ਵੱਖਰੇ ਤੌਰ ‘ਤੇ ਜਾਰੀ ਕੀਤਾ ਜਾਵੇਗਾ। ਫਿਲਹਾਲ ਜਾਰੀ ਕੀਤਾ ਗਿਆ ਸ਼ਡਿਊਲ ਸਿਰਫ ਵਾਧੂ ਵਿਸ਼ੇ ਦੀ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਹੈ।