ਭਾਰਤ-ਪਾਕਿ ਮੈਚ: ਨਾਅਰੇਬਾਜ਼ੀ ਦੇ ਦੋਸ਼ ਹੇਠ ਛੇ ਗ੍ਰਿਫ਼ਤਾਰ


ਜੰਮੂ, 26 ਅਕਤੂਬਰ

ਭਾਰਤ ਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਮੈਚ ਤੋਂ ਬਾਅਦ ਸਾਂਬਾ ਜ਼ਿਲ੍ਹੇ ਦੇ ਲੋਕਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕਥਿਤ ਤੌਰ ‘ਤੇ ਇਤਰਾਜ਼ਯੋਗ ਨਾਅਰੇ ਮਾਰੇ ਜਾਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਜੰਮੂ ਕਸ਼ਮੀਰ ਪੁਲੀਸ ਨੇ ਛੇ ਜਣਿਆਂ ਨੂੰ ਹਿਰਾਸਤ ‘ਚ ਲਿਆ ਹੈ। ਅਧਿਕਾਰੀਆਂ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਵੀਡੀਓ ਨੂੰ ਲੈ ਕੇ ਸਾਂਬਾ ਜ਼ਿਲ੍ਹੇ ‘ਚ ਵੱਖ ਵੱਖ ਸਮਾਜਿਕ ਜਥੇਬੰਦੀਆਂ ਨੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਹਨ। ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਇਕ ਖਾਸ ਭਾਈਚਾਰੇ ਦੇ 24 ਤੋਂ ਵੱਧ ਜਣੇ ਭਾਰਤ ਖ਼ਿਲਾਫ਼ ਪਾਕਿਸਤਾਨ ਕ੍ਰਿਕਟ ਟੀਮ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ ਤੇ ਐਤਵਾਰ ਰਾਤ ਨੂੰ ਉਨ੍ਹਾਂ ਇਤਰਾਜ਼ਯੋਗ ਨਾਅਰੇਬਾਜ਼ੀ ਕੀਤੀ ਹੈ।

ਸਾਂਬਾ ਦੀ ਡਿਪਟੀ ਕਮਿਸ਼ਨਰ ਅਨੁਰਾਧਾ ਗੁਪਤਾ ਨੇ ਕਿਹਾ, ‘ਇਸ ਸਬੰਧ ‘ਚ ਛੇ ਜਣਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਜਾਂਚ ਚੱਲ ਰਹੀ ਹੈੈ।’ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐੱਫਆਈਆਰ ਦਰਜ ਕਰ ਲਈ ਗਈ ਹੈ। ਸਾਂਬਾ ਦੇ ਐੱਸਐੱਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਹਿਰਾਸਤ ‘ਚ ਲਏ ਗਏ ਲੋਕਾਂ ਤੋਂ ਘਟਨਾ ਦੇ ਸਬੰਧ ‘ਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁੱਛ ਪੜਤਾਲ ਲਈ ਹੋਰ ਲੋਕਾਂ ਨੂੰ ਵੀ ਸੱਦਿਆ ਜਾ ਸਕਦਾ ਹੈ। -ਪੀਟੀਆਈ

ਮਹਿਬੂਬਾ ਮੁਫ਼ਤੀ ਦੀ ਵਿਚਾਰਧਾਰਾ ਤਾਲਿਬਾਨੀ: ਰੈਣਾ

ਜੰਮੂ: ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਮੁਖੀ ਰਵਿੰਦਰ ਰੈਣਾ ਨੇ ਅੱਜ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ‘ਤੇ ਤਾਲਿਬਾਨੀ ਵਿਚਾਰਧਾਰਾ ਰੱਖਣ ਦਾ ਦੋਸ਼ ਲਾਇਆ ਤੇ ਕਿਹਾ ਕਿ ਹਾਲ ਹੀ ‘ਚ ਟੀ-20 ਮੈਚ ‘ਚ ਭਾਰਤ ‘ਤੇ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਨੂੰ ਦੇਸ਼ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਜੇਲ੍ਹ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫ਼ਤੀ ਨੇ ਪਾਕਿਸਤਾਨ ਦੀ ਜਿੱਤ ਨੂੰ ਸਹੀ ਭਾਵਨਾ ਨਾਲ ਲੈਣ ਦਾ ਸੱਦਾ ਦਿੱਤਾ ਸੀ। ਰੈਣਾ ਨੇ ਕਿਹਾ, ‘ਕੁਝ ਨੇਤਾਵਾਂ ਨੂੰ ਸੁਰੱਖਿਆ ਘੇਰੇ ਦੀ ਲੋੜ ਹੁੰਦੀ ਹੈ ਅਤੇ ਸਾਡੇ ਸੁਰੱਖਿਆ ਦਸਤੇ ਚੌਵੀ ਘੰਟੇ ਉਨ੍ਹਾਂ ਦੀ ਰਾਖੀ ਕਰਦੇ ਹਨ ਪਰ ਉਨ੍ਹਾਂ ਦਾ ਦਿਲ ਪਾਕਿਸਤਾਨ ਲਈ ਧੜਕਦਾ ਹੈ। ਮਹਿਬੂਬਾ ਤਾਲਿਬਾਨੀ ਵਿਚਾਰਧਾਰਾ ਦੀ ਹੈ ਅਤੇ ਇੱਕ ਅਜਿਹੇ ਦੁਸ਼ਮਣ ਮੁਲਕ ਦੀ ਹਮਾਇਤ ਕਰਨ ਲਈ ਉਨ੍ਹਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਜੋ ਹਥਿਆਰਬੰਦ ਅਤਿਵਾਦੀਆਂ ਨੂੰ ਅੱਗੇ ਵਧਾ ਰਿਹਾ ਹੈ, ਸਾਡੇ ਖ਼ਿਲਾਫ਼ ਸਾਜ਼ਿਸ਼ ਕਰ ਰਿਹਾ ਹੈ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਲਹੂ ਵਹਾ ਰਿਹਾ ਹੈ।’ -ਪੀਟੀਆਈ

ਕੇਂਦਰ ਨੇ ਵਿਦਿਆਰਥੀਆਂ ਖ਼ਿਲਾਫ਼ ਕੀਤੀ ਬਦਲਾਲਊ ਕਾਰਵਾਈ: ਮਹਿਬੂਬਾ

ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ‘ਤੇ ਕਸ਼ਮੀਰੀ ਨੌਜਵਾਨਾਂ ਖ਼ਿਲਾਫ਼ ਬਦਲਾਲਊ ਕਾਰਵਾਈ ਕਰਨ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਇੱਕ ਟੀ-20 ਕੌਮਾਂਤਰੀ ਕ੍ਰਿਕਟ ਮੈਚ ‘ਚ ਭਾਰਤ ‘ਤੇ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇੱਥੇ ਕੁਝ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਵਰਗੇ ਕਦਮ ਉਨ੍ਹਾਂ ਨੌਜਵਾਨਾਂ ਨੂੰ ਹੋਰ ਦੂਰ ਕਰ ਦੇਣਗੇ। ਜ਼ਿਕਰਯੋਗ ਹੈ ਕਿ ਸਰਕਾਰੀ ਮੈਡੀਕਲ ਕਾਲਜ ਸੌਰਾ ਦੇ ਹੋਸਟਲ ‘ਚ ਰਹਿਣ ਵਾਲੇ ਮੈਡੀਕਲ ਦੇ ਵਿਦਿਆਰਥੀਆਂ ਖ਼ਿਲਾਫ਼ ਯੂਏਪੀਏ ਤਹਿਤ ਦੋ ਕੇਸ ਦਰਜ ਕੀਤੇ ਗਏ ਹਨ। ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੇਂਦਰ ਨੂੰ ਇਸ ਦੀ ਥਾਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿ ਪੜ੍ਹੇ ਲਿਖੇ ਨੌਜਵਾਨ ਪਾਕਿਸਤਾਨ ਨਾਲ ਆਪਣੀ ਪਛਾਣ ਕਿਉਂ ਜੋੜਦੇ ਹਨ? ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ, ‘ਕਸ਼ਮੀਰੀ ਨੌਜਵਾਨਾਂ ਖ਼ਿਲਾਫ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ‘ਮਨ ਕੀ ਬਾਤ’ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਖ਼ਿਲਾਫ਼ ਯੂਏਪੀਏ ਲਾਉਣ ਨਾਲ ਸ਼ੁਰੂ ਹੋਈ। ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਨ ਦੀ ਥਾਂ ਕਿ ਪੜ੍ਹੇ-ਲਿਖੇ ਨੌਜਵਾਨ ਪਾਕਿਸਤਾਨ ਨਾਲ ਆਪਣੀ ਪਛਾਣ ਕਿਉਂ ਚੁਣਦੇ ਹਨ, ਭਾਰਤ ਸਰਕਾਰ ਬਦਲਾਲਊ ਕਾਰਵਾਈ ਦਾ ਸਹਾਰਾ ਲੈ ਰਹੀ ਹੈ। ਅਜਿਹੇ ਕਦਮਾਂ ਨਾਲ ਉਨ੍ਹਾਂ (ਨੌਜਵਾਨਾਂ) ਨੂੰ ਹੋਰ ਦੂਰ ਕਰ ਦੇਣਗੇ।’ -ਪੀਟੀਆਈ

ਪਾਕਿਸਤਾਨ ਦੀ ਜਿੱਤ ‘ਤੇ ਪਟਾਕੇ ਚਲਾਉਣ ਵਾਲਿਆਂ ਦਾ ਡੀਐੱਨਏ ਭਾਰਤੀ ਨਹੀਂ ਹੋ ਸਕਦਾ: ਵਿੱਜ

ਚੰਡੀਗੜ੍ਹ (ਟਨਸ): ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ‘ਚ ਪਾਕਿਸਤਾਨ ਦੀ ਜਿੱਤ ਦੀ ਖ਼ੁਸ਼ੀ ‘ਚ ਪਟਾਕੇ ਚਲਾਏ ਗਏ ਜਿਸ ‘ਤੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਦੋਸ਼ ਲਾਉਂਦਿਆਂ ਟਵੀਟ ਕੀਤਾ ਕਿ ਪਾਕਿਸਤਾਨ ਦੀ ਜਿੱਤ ਦੀ ਖ਼ੁਸ਼ੀ ‘ਚ ਪਟਾਕੇ ਚਲਾਉਣ ਵਾਲਿਆਂ ਦਾ ਡੀਐੱਨਏ ਭਾਰਤੀ ਨਹੀਂ ਹੋ ਸਕਦਾ ਹੈ। ਭਾਰਤ ‘ਚ ਬੈਠੇ ਅਜਿਹੇ ‘ਗੱਦਾਰਾਂ’ ਤੋਂ ਬਚਣ ਦੀ ਲੋੜ ਹੈ। ਸ੍ਰੀ ਵਿੱਜ ਦੇ ਇਸ ਟਵੀਟ ਦੀ ਕੁਝ ਲੋਕਾਂ ਨੇ ਹਮਾਇਤ ਕੀਤੀ, ਪਰ ਜ਼ਿਆਦਾਤਰ ਲੋਕਾਂ ਨੇ ਵਿਰੋਧ ਕੀਤਾ। ਦੱਸਣਯੋਗ ਹੈ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਤਵਾਰ ਨੂੰ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ‘ਚ ਪਾਕਿਸਤਾਨ ਦੀ ਜਿੱਤ ਦੀ ਖ਼ੁਸ਼ੀ ‘ਚ ਕੁਝ ਥਾਵਾਂ ‘ਤੇ ਪਟਾਕੇ ਚਲਾਉਣ ਅਤੇ ਖੁਸ਼ੀ ਮਨਾਉਣ ਦੀਆਂ ਖ਼ਬਰਾਂ ‘ਤੇ ਟਿੱਪਣੀ ਕਰਦਿਆਂ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਨਿਲ ਵਿੱਜ ਦੇਸ਼ ‘ਚ ਹਿੰਦੂਤਵ ਏਜੰਡੇ ‘ਤੇ ਜ਼ੋਰ ਦਿੰਦਿਆਂ ਕਈ ਵਾਰ ਅਜਿਹੇ ਬਿਆਨ ਦੇ ਚੁੱਕੇ ਹਨ।Source link