ਡੇਂਗੂ ਦੀ ਮਾਰ: ਬੱਕਰੀ ਦੇ ਦੁੱਧ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 27 ਅਕਤੂਬਰ

ਪੰਜਾਬ ਵਿੱਚ ਡੇਂਗੂ ਕੇਸ ਵਧਣ ਨਾਲ ਬੱਕਰੀ ਦਾ ਦੁੱਧ, ਪਪੀਤਿਆਂ ਦੇ ਪੱਤੇ, ਕੀਵੀ ਫ਼ਲ ਤੇ ਗਲੋਏ ਦੇ ਜੂਸ ਦੀ ਮੰਗ ਵੱਧ ਗਈ ਹੈ। ਆਮ ਲੋਕਾਂ ਦੀ ਧਾਰਨਾ ਹੈ ਕਿ ਇਨ੍ਹਾਂ ਵਸਤਾਂ ਦੇ ਸੇਵਨ ਨਾਲ ਪਲੇਟਲੈੱਟਸ ਤੇਜ਼ੀ ਨਾਲ ਵਧਦੇ ਹਨ ਤੇ ਡੇਂਗੂ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ। ਮੌਜੂਦਾ ਸਮੇਂ ਪੰਜਾਬ ਵਿੱਚ ਬੱਕਰੀ ਦਾ ਦੁੱਧ 500 ਰੁਪੲੇ ਪ੍ਰਤੀ ਲਿਟਰ ਤੱਕ ਵਿਕ ਰਿਹਾ ਹੈ ਜਦੋਂ ਕਿ ਆਮ ਦਿਨਾਂ ਵਿੱਚ ਇਸ ਦੁੱਧ ਦੀ ਕੀਮਤ 50 ਰੁਪਏ ਪ੍ਰਤੀ ਲਿਟਰ ਹੁੰਦੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਸਿੰਘ ਦੇ ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਲੋਕ ਬੱਕਰੀ ਦੇ ਦੁੱਧ ਲਈ 250 ਰੁਪਏ (ਪ੍ਰਤੀ ਲਿਟਰ) ਤੱਕ ਭੁਗਤਾਨ ਕਰ ਰਹੇ ਹਨ। ਇਸੇ ਤਰ੍ਹਾਂ ਮੁਹਾਲੀ ਦੇ ਸਨਅਤਕਾਰ ਵਰੁਣ ਸ਼ਰਮਾ ਨੇ ਬੱਕਰੀ ਦੇ ਦੁੱਧ ਦਾ ਆਪਣਾ ਬਰਾਂਡ ਸ਼ੁਰੂ ਕੀਤਾ ਹੈ ਤੇ 300 ਮਿਲੀਲੀਟਰ ਦੁੱਧ ਦੀ ਬੋਤਲ 150 ਰੁਪਏ ਵਿੱਚ ਵਿਕ ਰਹੀ ਹੈ। ਉਸ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸ ਨੇ ‘ਬੱਕਰੀਵਾਲਾ’ ਦੇ ਨਾਂ ਹੇਠ ਬਰਾਂਡ ਲਾਂਚ ਕੀਤਾ ਸੀ ਤੇ ਇਨ੍ਹਾਂ ਦਿਨਾਂ ਵਿੱਚ ਦੁੱਧ ਦੀ ਮੰਗ 50 ਫੀਸਦ ਵੱਧ ਗਈ ਹੈ। ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਣਵੀਰ ਸ਼ਰਮਾ ਨੇ ਦੱਸਿਆ ਕਿ ਵਿਗਿਆਨ ਇਸ ਗੱਲ ਦਾ ਸਮਰਥਨ ਨਹੀਂ ਕਰਦਾ ਕਿ ਬੱਕਰੀ ਦਾ ਦੁੱਧ ਡੇਂਗੂ ਦੇ ਮਰੀਜ਼ ਲਈ ਲਾਹੇਵੰਦ ਹੁੰਦਾ ਹੈ।Source link