ਗਿਆਰਾਂ ਮਹੀਨਿਆਂ ਬਾਅਦ ਦਿੱਲੀ-ਬਹਾਦਰਗੜ੍ਹ ਮਾਰਗ ਖੁੱਲ੍ਹਿਆ

ਗਿਆਰਾਂ ਮਹੀਨਿਆਂ ਬਾਅਦ ਦਿੱਲੀ-ਬਹਾਦਰਗੜ੍ਹ ਮਾਰਗ ਖੁੱਲ੍ਹਿਆ


ਮੁੱਖ ਅੰਸ਼

  • ਕਿਸਾਨ ਇੱਕ ਪਾਸੇ ਦਾ 5 ਫੁੱਟ ਰਾਹ ਦੇਣ ਲਈ ਤਿਆਰ ਹੋਏ
  • ਕਿਸਾਨਾਂ ਨੇ ਮੋਰਚਿਆਂ ‘ਤੇ ਚੌਕਸੀ ਵਧਾਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 30 ਅਕਤੂਬਰ

ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ‘ਚ ਦਾਖ਼ਲ ਹੋਣ ਤੋਂ ਰੋਕਣ ਲਈ ਟਿਕਰੀ ਅਤੇ ਗਾਜ਼ੀਪੁਰ ‘ਚ ਲਾੲੇ ਗਏ ਬੈਰੀਕੇਡਾਂ ਨੂੰ ਦਿੱਲੀ ਪੁਲੀਸ ਨੇ ਅੱਜ 11 ਮਹੀਨਿਆਂ ਮਗਰੋਂ ਹਟਾ ਲਿਆ ਹੈ। ਟਿਕਰੀ ਮੈਟਰੋ ਸਟੇਸ਼ਨ ਹੇਠਾਂ ਦਿੱਲੀ ਪੁਲੀਸ ਨੇ ਬਹਾਦਰਗੜ੍ਹ ਨੂੰ ਜਾਂਦੀ ਸੜਕ ਉਪਰ 5 ਫੁੱਟ ਦਾ ਰਾਹ ਦੋਪਹੀਆ ਵਾਹਨਾਂ, ਰਾਹਗੀਰਾਂ ਅਤੇ ਐਂਬੂਲੈਂਸਾਂ ਲਈ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੈਠਕ ਦੌਰਾਨ ਇਹ ਰਾਹ ਖੋਲ੍ਹਣ ਉਪਰ ਸਹਿਮਤੀ ਬਣੀ। ਉਧਰ ਗਾਜ਼ੀਪੁਰ ਬਾਰਡਰ ‘ਤੇ ਵੀ ਦਿੱਲੀ ਪੁਲੀਸ ਨੇ ਐਬੂਲੈਂਸਾਂ ਲਈ ਰਾਹ ਦੇਣ ਦਾ ਪ੍ਰਬੰਧ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੂਰਾ ਰਾਹ ਉਦੋਂ ਹੀ ਖੋਲ੍ਹਣ ਦਿੱਤਾ ਜਾਵੇਗਾ ਜਦੋਂ ਕੇਂਦਰ ਸਰਕਾਰ ਉਨ੍ਹਾਂ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਮੁੜ ਗੱਲਬਾਤ ਸ਼ੁਰੂ ਕਰੇਗੀ। ਇਸ ਦੌਰਾਨ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਮੋਰਚਿਆਂ ‘ਤੇ ਕਿਸਾਨਾਂ ਨੇ ਰਾਤ ਨੂੰ ਚੌਕਸੀ ਵਧਾ ਦਿੱਤੀ ਹੈ।

ਦਿੱਲੀ ਪੁਲੀਸ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਬੈਠਕ ‘ਚ ਫ਼ੈਸਲਾ ਲਿਆ ਗਿਆ ਕਿ ਰਾਹ ਸਵੇਰੇ 7 ਤੋਂ ਸ਼ਾਮ 8 ਵਜੇ ਤੱਕ ਰੋਜ਼ਾਨਾ ਖੁੱਲ੍ਹਾ ਰਹੇਗਾ। ਰਾਤ ਨੂੰ ਸਿਰਫ਼ ਐਂਬੂਲੈਂਸ ਹੀ ਜਾ ਸਕੇਗੀ ਅਤੇ ਕਿਸਾਨ ਅਜਿਹੇ ਕਿਸੇ ਐਮਰਜੈਂਸੀ ਵਾਹਨ ਨੂੰ ਨਹੀਂ ਰੋਕਣਗੇ ਜਿਸ ਵਿੱਚ ਮਰੀਜ਼ ਹੋਵੇਗਾ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਢਾਈ-ਢਾਈ ਫੁੱਟ ਦੇ ਦੋ ਰਾਹ ਆਉਣ-ਜਾਣ ਲਈ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਪੂਰਾ ਰਾਹ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ ਕਿਉਂਕਿ ਲਖੀਮਪੁਰ ਖੀਰੀ ਵਾਲੀ ਘਟਨਾ ਮੁੜ ਵਾਪਰ ਸਕਦੀ ਹੈ। ਸ੍ਰੀ ਬੁਰਜਗਿੱਲ ਨੇ ਕਿਹਾ ਕਿ ਹੁਣ ਕਿਸਾਨਾਂ ਨੇ ਸੜਕਾਂ ਉਪਰ ਆਰਜ਼ੀ ਤੰਬੂ ਗੱਡ ਕੇ ਮੋਰਚੇ ਲਾਏ ਹੋਏ ਹਨ ਅਤੇ ਸ਼ਰਾਰਤੀ ਅਨਸਰਾਂ ਤੋਂ ਚੌਕਸ ਰਹਿਣਾ ਵੀ ਸਮੇਂ ਦੀ ਲੋੜ ਹੈ। ਇਕ ਹੋਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਵੱਡੀਆਂ ਗੱਡੀਆਂ ਲਈ ਰਾਹ ਅਜੇ ਨਹੀਂ ਖੋਲ੍ਹਣ ਦਿੱਤਾ ਜਾਵੇਗਾ ਕਿਉਂਕਿ ਹਾਦਸਾ ਹੋਣ ਦਾ ਡਰ ਵੀ ਹੈ। ਉਨ੍ਹਾਂ ਕਿਹਾ ਕਿ ਦਿੱਲੀ-ਬਹਾਦਰਗੜ੍ਹ ਮਾਰਗ ਉਪਰ ਸਰਵਿਸ ਲੇਨ ਨਾ ਹੋਣ ਕਰਕੇ ਵਾਹਨਾਂ ਤੋਂ ਕਿਸਾਨਾਂ ਨੂੰ ਖ਼ਤਰਾ ਹੋ ਸਕਦਾ ਹੈ।ਡੀਸੀਪੀ (ਬਾਹਰੀ ਦਿੱਲੀ) ਪਰਵਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਆਗੂਆਂ ਨਾਲ ਦੋ ਗੇੜ ਦੀ ਵਾਰਤਾ ਮਗਰੋਂ ਰਾਹ ਖੋਲ੍ਹਣ ਉਪਰ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਸੀਮਿੰਟ ਦੇ ਭਾਰੀ ਬਲਾਕ ਹਟਾ ਦਿੱਤੇ ਗਏ ਹਨ ਅਤੇ ਕਿਸਾਨ ਆਗੂਆਂ ਨੇ ਭਾਰੀ ਵਾਹਨ ਨਾ ਚਲਾਉਣ ਲਈ ਕਿਹਾ ਹੈ ਕਿਉਂਕਿ ਹਾਦਸਾ ਹੋਣ ਦੀ ਸੂਰਤ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਉਧਰ ਗਾਜ਼ੀਪੁਰ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਉਥੋਂ ਪੁਲੀਸ ਨੇ ਭਾਰੀ ਰੋਕਾਂ ਹਟਾ ਦਿੱਤੀਆਂ ਹਨ ਅਤੇ ਆਰਜ਼ੀ ਬੈਰੀਕੇਡ ਲਾਏ ਹੋਏ ਹਨ ਜਿਨ੍ਹਾਂ ਵਿੱਚੋਂ ਐਂਬੂਲੈਂਸ ਲੰਘ ਸਕਦੀ ਹੈ। ਸ੍ਰੀ ਬਾਜਵਾ ਨੇ ਬੀਤੀ ਰਾਤ ਕਰੀਬ 11 ਵਜੇ ਮੋਰਚੇ ਦੇ ਰਾਹਾਂ ਦਾ ਜਾਇਜ਼ਾ ਲਿਆ ਸੀ। ਦਿੱਲੀ-ਮੇਰਠ ਐਕਸਪ੍ਰੈੱਸਵੇਅ ਅਤੇ ਯੂਪੀ ਵੱਲ ਇਸ ਕੌਮੀ ਮਾਰਗ ਤੋਂ ਪਹਿਲਾਂ ਹੀ ਆਵਾਜਾਈ ਜਾਰੀ ਸੀ। ਉਨ੍ਹਾਂ ਮੋਰਚਾ ਖਾਲੀ ਕਰਵਾਉਣ ਵਰਗੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਉਹ ਸੱਤਾਧਾਰੀਆਂ ਦੀਆਂ ਹਰਕਤਾਂ ਤੋਂ ਸੁਚੇਤ ਰਹਿਣ।

ਪੂਰਾ ਰਾਹ ਖੁਲ੍ਹਵਾਉਣ ਲਈ ਸਰਕਾਰ ਮੰਗਾਂ ਮੰਨੇ: ਮੋਰਚਾ

ਕਿਸਾਨ ਆਗੂ ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਕੱਲ ਰਾਤ ਟਿਕਰੀ ਬਾਰਡਰ ‘ਤੇ 40 ਫੁੱਟ ਦਾ ਰਸਤਾ ਆਵਾਜਾਈ ਲਈ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਕਿਸਾਨਾਂ ਨੇ ਮੋਰਚੇ ਵਾਲੀ ਥਾਂ ਦੀ ਸੁਰੱਖਿਆ ਲਈ ਕਦਮ ਵਧਾਏ ਜਾਣ ਦੀ ਮੰਗ ਕੀਤੇ ਜਾਣ ਕਾਰਨ ਕੁਝ ਸਮੇਂ ਲਈ ਇਲਾਕੇ ਵਿੱਚ ਤਣਾਅ ਵਧ ਗਿਆ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਕਿਸਾਨਾਂ ਨੇ ਪਹਿਲਾਂ ਵੀ ਕੋਈ ਰਾਹ ਨਹੀਂ ਰੋਕੇ ਸਨ ਅਤੇ ਦਿੱਲੀ ਪੁਲੀਸ ਨੇ ਹੀ ਬੈਰੀਕੇਡ ਲਾਏ ਹੋਏ ਸਨ। ਮੋਰਚੇ ਨੇ ਕਿਹਾ ਕਿ ਜੇਕਰ ਸਰਕਾਰ ਲਾਂਘੇ ਨੂੰ ਪੂਰੀ ਤਰ੍ਹਾਂ ਖੋਲ੍ਹਣਾ ਚਾਹੁੰਦੀ ਹੈ ਤਾਂ ਉਸ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਲਾ ਰਾਹ ਵੀ ਖੋਲ੍ਹਣਾ ਪਵੇਗਾ। ਕਿਸਾਨਾਂ ਦੇ ਦਿੱਲੀ ਅੰਦਰ ਦਾਖ਼ਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਛੇਤੀ ਹੀ ਸਮੂਹਿਕ ਫੈਸਲਾ ਲਿਆ ਜਾਵੇਗਾ। ਇਸ ਬਾਰੇ 6 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਵਿੱਚ ਅਗਲੀ ਰਣਨੀਤੀ ਉਲੀਕੀ ਜਾਵੇਗੀ।



Source link