ਮੋਦੀ ਵੱਲੋਂ ਪੋਪ ਨੂੰ ਭਾਰਤ ਆਉਣ ਦਾ ਸੱਦਾ

ਮੋਦੀ ਵੱਲੋਂ ਪੋਪ ਨੂੰ ਭਾਰਤ ਆਉਣ ਦਾ ਸੱਦਾ


ਵੈਟੀਕਨ ਸਿਟੀ, 30 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪੋਪ ਫਰਾਂਸਿਸ ਨਾਲ ਬਹੁਤ ਨਿੱਘੀ ਮੁਲਾਕਾਤ ਹੋਈ ਹੈ। ਉਨ੍ਹਾਂ ਰੋਮਨ ਕੈਥੋਲਿਕ ਚਰਚ ਦੇ ਮੁਖੀ ਨਾਲ ਕੋਵਿਡ-19 ਮਹਾਮਾਰੀ ਅਤੇ ਵਾਤਾਵਰਨ ਬਦਲਾਅ ਜਿਹੀਆਂ ਦਰਪੇਸ਼ ਚੁਣੌਤੀਆਂ ਸਮੇਤ ਵੱਖ ਵੱਖ ਮਸਲਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਪੋਪ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈ ਜੋ ਉਨ੍ਹਾਂ ਸਵੀਕਾਰ ਕਰ ਲਿਆ ਹੈ। ਮੀਟਿੰਗ ਦਾ ਨਿਰਧਾਰਿਤ ਸਮਾਂ 20 ਮਿੰਟ ਸੀ ਪਰ ਇਹ ਇਕ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਹੀ। ਸ੍ਰੀ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜਿਨ੍ਹਾਂ 2013 ‘ਚ ਫਰਾਂਸਿਸ ਦੇ ਪੋਪ ਬਣਨ ਤੋਂ ਬਾਅਦ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜੂਨ 2000 ‘ਚ ਵੈਟੀਕਨ ਦਾ ਦੌਰਾ ਕਰਕੇ ਤਤਕਾਲੀ ਪੋਪ ਜੌਹਨ ਪੌਲ ਦੂਜੇ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਇਤਿਹਾਸਕ ਮੀਟਿੰਗ ਦੌਰਾਨ ਪੋਪ ਫਰਾਂਸਿਸ ਨੂੰ ਘੁਟ ਕੇ ਗੱਲਵਕੜੀ ਪਾਉਣ ਦੀਆਂ ਤਸਵੀਰਾਂ ਵੀ ਟਵੀਟ ਕੀਤੀਆਂ ਹਨ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪੋਪ ਫਰਾਂਸਿਸ ਨੇ ਵੈਟੀਕਨ ‘ਚ ਅਪੋਸਟੋਲਿਕ ਪੈਲੇਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਬਿਆਨ ‘ਚ ਕਿਹਾ ਗਿਆ ਕਿ ਭਾਰਤ ਅਤੇ ਵੈਟੀਕਨ ਦੇ ਦੋਸਤਾਨਾ ਸਬੰਧ 1948 ਤੋਂ ਹਨ ਅਤੇ ਏਸ਼ੀਆ ‘ਚ ਦੂਜੀ ਸਭ ਤੋਂ ਵੱਡੀ ਕੈਥੋਲਿਕ ਆਬਾਦੀ ਭਾਰਤ ‘ਚ ਹੈ। ਮੁਲਾਕਾਤ ਦੌਰਾਨ ਦੋਵੇਂ ਆਗੂਆਂ ਨੇ ਕੋਵਿਡ-19 ਮਹਾਮਾਰੀ ਅਤੇ ਇਸ ਦੇ ਦੁਨੀਆ ਭਰ ਦੇ ਲੋਕਾਂ ‘ਤੇ ਪਏ ਅਸਰ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਭਾਰਤ ਵੱਲੋਂ ਕੋਵਿਡ-19 ਖ਼ਿਲਾਫ਼ ਟੀਕੇ ਦੀਆਂ 100 ਕਰੋੜ ਖੁਰਾਕਾਂ ਸਫ਼ਲਤਾਪੂਰਬਕ ਲਗਾਉਣ ਦੀ ਜਾਣਕਾਰੀ ਵੀ ਦਿੱਤੀ। ਈਸਾਈ ਧਰਮ ਗੁਰੂ ਨੇ ਮਹਾਮਾਰੀ ਦੌਰਾਨ ਭਾਰਤ ਵੱਲੋਂ ਹੋਰ ਮੁਲਕਾਂ ਨੂੰ ਦਿੱਤੀ ਗਈ ਸਹਾਇਤਾ ਦੀ ਵੀ ਸ਼ਲਾਘਾ ਕੀਤੀ। ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਇਟਲੀ ਦੇ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨੇ ਪੋਪ ਨੂੰ ਭਾਰਤ ਵੱਲੋਂ ਜਲਵਾਯੂ ਪਰਿਵਰਤਨ ਨਾਲ ਸਿੱਝਣ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਵੀ ਦਿੱਤੀ। ਇਸ ਤੋਂ ਪਹਿਲਾਂ ਸ੍ਰੀ ਮੋਦੀ ਦਾ ਵੈਟੀਕਨ ਦੇ ਅਧਿਕਾਰੀਆਂ ਪੀਟਰੋ ਪੈਰੋਲਿਨ ਤੇ ਪੌਲ ਰਿਚਰਡ ਗਲੈਗਰ ਨੇ ਸਵਾਗਤ ਕੀਤਾ। ਮੋਦੀ ਨੇ ਚਾਂਦੀ ਨਾਲ ਬਣਿਆ ਖਾਸ ਮੋਮਬੱਤੀ ਸਟੈਂਡ ਅਤੇ ਵਾਤਾਵਰਨ ਬਾਰੇ ਭਾਰਤ ਦੀਆਂ ਕੋਸ਼ਿਸ਼ ਬਾਰੇ ਇਕ ਕਿਤਾਬ ਪੋਪ ਨੂੰ ਭੇਟ ਕੀਤੀ। ਪੋਪ ਨੇ ਵੀ ਕਾਂਸੇ ਦੀ ਇਕ ਪੱਟੀ ਸ੍ਰੀ ਮੋਦੀ ਨੂੰ ਤੋਹਫ਼ੇ ‘ਚ ਦਿੱਤੀ ਜਿਸ ‘ਤੇ ‘ਰੇਗਿਸਤਾਨ ਇਕ ਬਾਗ ਬਣ ਜਾਵੇਗਾ’ ਖੁਦਿਆ ਹੋਇਆ ਹੈ। -ਪੀਟੀਆਈ



Source link