ਕਾਨਪੁਰ (ਯੂਪੀ), 31 ਅਕਤੂਬਰ
ਨੌਜਵਾਨ ਨੇ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ। ਕਾਨਪੁਰ ਦੇ ਇਸ ਵਿਅਕਤੀ ਦਾ ਵਿਆਹ ਪੰਜ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਪੰਕਜ ਸ਼ਰਮਾ, ਜੋ ਗੁਰੂਗ੍ਰਾਮ ਵਿੱਚ ਪ੍ਰਾਈਵੇਟ ਫਰਮ ਵਿੱਚ ਲੇਖਾਕਾਰ ਹੈ, ਨੇ ਇਸ ਸਾਲ ਮਈ ਵਿੱਚ ਕੋਮਲ ਨਾਲ ਵਿਆਹ ਕੀਤਾ ਸੀ। ਪੰਕਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਕੋਮਲ ਵਿਆਹ ਤੋਂ ਬਾਅਦ ਤੋਂ ਦੂਰ ਦੂਰ ਰਹਿੰਦੀ ਸੀ। ਉਸ ਨੇ ਪਤਨੀ ਨਾਲ ਕਈ ਵਾਰ ਗੱਲ ਕੀਤੀ ਤਾਂ ਇਕ ਦਿਨ ਉਸ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਪਿੰਟੂ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਪੰਕਜ ਨੇ ਇਹ ਗੱਲ ਆਪਣੇ ਸਹੁਰਿਆਂ ਨਾਲ ਸਾਂਝੀ ਕੀਤੀ ਤਾਂ ਉਹ ਆਪਣੀ ਧੀ ਨੂੰ ਪੁਰਾਣੀਆਂ ਗੱਲਾਂ ਭੁੱਲਣ ਲਈ ਜ਼ੋਰ ਪਾਉਣ ਲੱਗੇ ਪਰ ਕੋਮਲ ਆਪਣੀ ਗੱਲ ‘ਤੇ ਅੜੀ ਰਹੀ। ਫਿਰ ਮਾਮਲਾ ਘਰੇਲੂ ਹਿੰਸਾ ਵਿਰੋਧੀ ਸੈੱਲ ਅਤੇ ਆਸ਼ਾ ਜਯੋਤੀ ਕੇਂਦਰ ਤੱਕ ਪਹੁੰਚਿਆ ਜਿੱਥੇ ਔਰਤ, ਉਸ ਦੇ ਪਤੀ, ਪ੍ਰੇਮੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿਚਕਾਰ ਮੀਟਿੰਗ ਹੋਈ। ਕੋਮਲ ਦੇ ਪੱਕੇ ਇਰਾਦੇ ਨੂੰ ਦੇਖ ਕੇ ਪੰਕਜ ਨੇ ਆਪਣੀ ਪਤਨੀ ਦਾ ਵਿਆਹ ਪਿੰਟੂ ਨਾਲ ਕਰਵਾਉਣ ਲਈ ਹਾਮੀ ਭਰ ਦਿੱਤੀ। ਉਸ ਨੇ ਬੀਤੇ ਦਿਨ ਆਪਣੀ ਪਤਨੀ ਦਾ ਵਿਆਹ ਕਰਵਾ ਦਿੱਤਾ। ਵਿਆਹ ਵਿੱਚ ਦੋਵਾਂ ਪਾਸਿਆਂ ਦੇ ਰਿਸ਼ਤੇਦਾਰਾਂ ਅਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ।