ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਨਵੰਬਰ
ਇੰਡੀਗੋ ਏਅਰਲਾਈਨਜ਼ ਵੱਲੋਂ 10 ਨਵੰਬਰ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੋਆ ਲਈ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਹ ਦਾਅਵਾ ਜਥੇਬੰਦੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਡੀਗੋ ਨੇ ਆਪਣੀ ਵੈੱਬਸਾਈਟ ‘ਤੇ ਇਸ ਉਡਾਣ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਉਡਾਣ ਅੰਮ੍ਰਿਤਸਰ ਤੋਂ ਰਾਤ 10.30 ਵਜੇ ਰਵਾਨਾ ਹੋਵੇਗੀ ਅਤੇ ਰਾਤ 1.35 ਵਜੇ ਗੋਆ ਦੇ ਹਵਾਈ ਅੱਡੇ ‘ਤੇ ਉਤਰੇਗੀ। ਇਸੇ ਤਰ੍ਹਾਂ ਇਕ ਉਡਾਣ ਗੋਆ ਤੋਂ ਰਾਤ 12.05 ਵਜੇ ਉਡਾਣ ਭਰੇਗੀ ਅਤੇ 3.10 ਵਜੇ ਅੰਮ੍ਰਿਤਸਰ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਗੋਆ ਹਵਾਈ ਅੱਡੇ ਦੇ ਡਾਇਰੈਕਟਰ ਗਗਨ ਮਲਿਕ ਨੇ ਦੱਸਿਆ ਕਿ ਉਥੇ ਫਿਲਹਾਲ ਸਵੇਰ ਵੇਲੇ ਜਹਾਜ਼ ਦੇ ਉਤਰਨ ਅਤੇ ਉਡਾਣ ਭਰਨ ਦੀ ਭਾਰੀ ਭੀੜ ਹੈ।