ਆਈਐਮਐਫ਼ ਵੱਲੋਂ ਭਾਰਤ ਦੇ ਨਵਿਆਉਣਯੋਗ ਊਰਜਾ ਸਬੰਧੀ ਐਲਾਨ ਦਾ ਸਵਾਗਤ

ਆਈਐਮਐਫ਼ ਵੱਲੋਂ ਭਾਰਤ ਦੇ ਨਵਿਆਉਣਯੋਗ ਊਰਜਾ ਸਬੰਧੀ ਐਲਾਨ ਦਾ ਸਵਾਗਤ


ਵਾਸ਼ਿੰਗਟਨ, 5 ਨਵੰਬਰ

ਕੌਮਾਂਤਰੀ ਮੁਦਰਾ ਕੋਸ਼ ਨੇ ਸੀਓਪੀ26 ਸਿਖਰ ਸੰਮੇਲਨ ਵਿੱਚ ਨਵਿਆਉਣਯੋਗ ਊਰਜਾ ‘ਤੇ ਨਿਰਭਰਤਾ ਵਧਾਉਣ, ਆਪਣੇ ਅਰਥਚਾਰੇ ਦੀ ਕਾਰਬਨ ਨਿਕਾਸੀ ਘਟਾਉਣ ਅਤੇ ਜਲਵਾਯੂ ਤਬਦੀਲੀ ਨਾਲ ਸਬੰਧਤ ਚੁਣੌਤੀਆਂ ਦਾ ਟਾਕਰਾ ਕਰਨ ਲਈ 2070 ਤੱਕ ਮਿੱਥੇ ਟੀਚਿਆਂ ਦੇ ਐਲਾਨ ਦਾ ਸਵਾਗਤ ਕੀਤਾ। ਕੌਮਾਂਤਰੀ ਮੁਦਰਾ ਫੰਡ ਦੇ ਸੰਚਾਰ ਵਿਭਾਗ ਦੇ ਡਾਇਰੈਕਟਰ ਗੈਰੀ ਰਾਈਸ ਨੇ ਦੱਸਿਆ ਕਿ ਭਾਰਤ ਦੇ ਉਪਰਾਲੇ ਹੋਰ ਉੱਭਰਦੇ ਅਰਥਚਾਰਿਆਂ ਦੇ ਨਾਲ-ਨਾਲ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰ ਸਕਦੇ ਹਨ। ਰਾਈਸ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ,’ਅਸੀਂ ਸੀਓਪੀ26 ਸੰਮੇਲਨ ਵਿੱਚ ਭਾਰਤ ਦੇ ਨਵਿਆਉਣਯੋਗ ਊਰਜਾ ‘ਤੇ ਨਿਰਭਰਤਾ ਵਧਾਉਣ, ਆਪਣੇ ਅਰਥਚਾਰੇ ਦੀ ਕਾਰਬਨ ਤੀਬਰਤਾ ਘਟਾਉਣ ਦਾ ਟੀਚਾ ਮਿੱਥਣ ਦੇ ਐਲਾਨ ਦਾ ਸਵਾਗਤ ਕਰਦੇ ਹਾਂ।’ ਰਾਈਸ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ,’ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਮੌਜੂਦਾ ਸਮੇਂ ਵਿਸ਼ਵ ਦੇ ਸਭ ਤੋਂ ਵੱਡੇ ਅਰਥਚਾਰਿਆਂ ਵਿੱਚੋਂ ਇਕ ਹੈ, ਫਿਰ ਵੀ ਬਿਜਲੀ ਉਤਪਾਦਨ ਲਈ ਕੋਲੇ ‘ਤੇ ਨਿਰਭਰ ਕਰਦਾ ਹੈ। ਭਾਰਤ ਦਾ ਨਵਿਆਉਣਯੋਗ ਊਰਜਾ ਵਿੱਚ ਨਿਵੇਸ਼ ਅਤੇ ਜਲਵਾਯੂ ਤਬਦੀਲੀ ਦੇ ਟਾਕਰੇ ਲਈ ਨੀਤੀਆਂ, ਨਵੇਂ ਮਿੱਥੇ ਟੀਚੇ ਨੂੰ ਹਾਸਲ ਕਰਨ ਲਈ ਸਹਾਈ ਸਿੱਧ ਹੋਣਗੀਆਂ। -ਪੀਟੀਆਈ



Source link