ਦਿਲਬਾਗ ਸਿੰਘ ਗਿੱਲ/ਪਰਮਜੀਤ ਸਿੰਘ
ਅਟਾਰੀ/ਫਾਜ਼ਿਲਕਾ, 5 ਨਵੰਬਰ
ਦੀਵਾਲੀ ਦੇ ਤਿਓਹਾਰ ਮੌਕੇ ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ‘ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਨੇ ਆਪਸ ‘ਚ ਮਠਿਆਈਆਂ ਦਾ ਅਦਾਨ ਪ੍ਰਦਾਨ ਕੀਤਾ। ਇਸ ਮੌਕੇ ਭਾਰਤ ਵੱਲੋਂ ਪਾਕਿਸਤਾਨ ਰੇਂਜਰ ਅਧਿਕਾਰੀ ਨੂੰ ਮਠਿਆਈ ਭੇਟ ਕਰ ਕੇ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਭਾਰਤ ਵੱਲੋਂ ਸੀਮਾ ਸੁਰੱਖਿਆ ਬਲ ਦੇ ਕਾਰਜਕਾਰੀ ਕਮਾਂਡਰ ਅਨੰਤ ਰਾਮ ਸ਼ਰਮਾ ਨੇ ਪਾਕਿਸਤਾਨ ਰੇਂਜਰ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਨੂੰ ਮਠਿਆਈ ਦੇ ਡੱਬੇ ਭੇਟ ਕੀਤੇ। ਇਸੇ ਤਰ੍ਹਾਂ ਪਾਕਿਸਤਾਨ ਰੇਂਜਰ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਨੇ ਵੀ ਸੀਮਾ ਸੁਰੱਖਿਆ ਬਲ ਦੇ ਕਮਾਂਡਰ ਨੂੰ ਪਾਕਿਸਤਾਨ ਵੱਲੋਂ ਮਠਿਆਈ ਦੇ ਡੱਬੇ ਭੇਟ ਕੀਤੇ। ਇਸੇ ਤਰ੍ਹਾਂ ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਸਾਦਕੀ ਬਾਰਡਰ ਦੀ ਜ਼ੀਰੋ ਲਾਈਨ ‘ਤੇ ਵੀ ਦੋਵਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਠਿਆਈ ਦਿੱਤੀ। ਭਾਰਤ ਵੱਲੋਂ ਬੀਐੱਸਐੱਫ ਦੇ ਕਮਾਂਡੈਂਟ ਮਾਯੰਕ ਦਿਵੇਦੀ ਅਤੇ ਹੋਰਨਾਂ ਅਧਿਕਾਰੀਆਂ ਨੇ ਪਾਕਿ ਰੇਂਜ ਦੇ ਵਿੰਗ ਕਮਾਂਡਰ ਅਤੇ ਹੋਰ ਅਧਿਕਾਰੀਆਂ ਨੂੰ ਮਠਿਆਈਆਂ ਦੇ ਡੱਬੇ ਅਤੇ ਫਲਾਂ ਦਾ ਟੋਕਰਾ ਭੇਟ ਕੀਤਾ। ਪਾਕਿ ਰੇਂਜ ਅਧਿਕਾਰੀਆਂ ਨੇ ਵੀ ਪਾਕਿਸਤਾਨੀ ਮਠਿਆਈਆਂ ਦੇ ਡੱਬੇ ਭੇਟ ਕਰ ਕੇ ਦੀਵਾਲੀ ਦੀ ਮੁਬਾਰਕਬਾਦ ਦਿੱਤੀ ਅਤੇ ਅਮਨ-ਸ਼ਾਂਤੀ ਦੀ ਕਾਮਨਾ ਕੀਤੀ।