ਕੇਪੀ ਸਿੰਘ
ਗੁਰਦਾਸਪੁਰ, 7 ਨਵੰਬਰ
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਮਾਝੇ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਛੇਤੀ ਹੀ ਮੁੜ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ। ਚਰਚਾ ਹੈ ਕਿ ਛੋਟੇਪੁਰ ਲਗਾਤਾਰ ਪਾਰਟੀ ਹਾਈ ਕਮਾਨ ਦੇ ਸੰਪਰਕ ਵਿੱਚ ਹਨ, ਜਿਸ ਮਗਰੋਂ ਉਨ੍ਹਾਂ ਦੇ ਮੁੜ ‘ਆਪ’ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਛੋਟੇਪੁਰ ਦੇ ਸਮਰਥਕਾਂ ਤੋਂ ਵੀ ਇਸ ਗੱਲ ਦੀਆਂ ਕਨਸੋਆਂ ਮਿਲੀਆਂ ਹਨ ਕਿ ਮਾਝੇ ਵਿੱਚ ਪਾਰਟੀ ਆਪਣਾ ਆਧਾਰ ਮਜ਼ਬੂਤ ਕਰਨ ਲਈ ਛੋਟੇਪੁਰ ਨੂੰ ਪਾਰਟੀ ‘ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ। ਜੇਕਰ ਛੋਟੇਪੁਰ ‘ਆਪ’ ਵਿੱਚ ਮੁੜ ਸ਼ਾਮਲ ਹੁੰਦੇ ਹਨ ਤਾਂ ਸੂਬੇ ਦੀ ਰਾਜਨੀਤੀ ਦੇ ਨਾਲ ਹੀ ਉਨ੍ਹਾਂ ਦੇ ਆਪਣੇ ਜੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਸਿਆਸੀ ਸਮੀਕਰਨ ਵੀ ਬਦਲਣਗੇ।