ਇਸ਼ਤਿਹਾਰਬਾਜ਼ੀ ਨਾਲ ਲੋਕਾਂ ਨੂੰ ਠੱਗ ਰਹੀ ਹੈ ਸਰਕਾਰ: ਮਜੀਠੀਆ

ਇਸ਼ਤਿਹਾਰਬਾਜ਼ੀ ਨਾਲ ਲੋਕਾਂ ਨੂੰ ਠੱਗ ਰਹੀ ਹੈ ਸਰਕਾਰ: ਮਜੀਠੀਆ


ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 8 ਨਵੰਬਰ

ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਖਿੱਤੇ ਵਿੱਚ ਸਭ ਤੋਂ ਸਸਤਾ ਹੋਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਇਸ਼ਤਿਹਾਰਾਂ ‘ਤੇ ਕਰੋੜਾਂ ਰੁਪਏ ਖਰਚ ਕੇ ਝੂਠ ਬੋਲਿਆ ਜਾ ਰਿਹਾ ਤੇ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਜਦਕਿ ਸਚਾਈ ਇਹ ਹੈ ਕਿ ਪੰਜਾਬ ਵਿੱਚ ਪੈਟਰੋਲੀਅਮ ਵਸਤਾਂ ਦੇ ਭਾਅ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਜੰਮੂ ਤੋਂ ਵੱਧ ਹਨ। ਸੀਨੀਅਰ ਅਕਾਲੀ ਆਗੂ ਨੇ ਅੱਜ ਇੱਥੇ ‘ਆਪ’ ਆਗੂ ਤੇ ਕੌਂਸਲਰ ਅਮਰਜੀਤ ਸਿੰਘ ਭਾਟੀਆ ਤੇ ਉਸ ਦੇ ਸਮਰਥਕਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਮੌਕੇ ਜੀ ਆਇਆਂ ਆਖਿਆ।

ਇਸ ਮੌਕੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਮਾਮਲੇ ਦੀ ਸਚਾਈ ਇਹ ਹੈ ਕਿ ਪੰਜਾਬ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ‘ਤੇ ਸੂਬੇ ਦੇ ਵੈਟ ਦੀਆਂ ਦਰਾਂ ਵਿੱਚ ਕਟੌਤੀ ਨਹੀਂ ਕੀਤੀ, ਜਦਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੋਹਾਂ ‘ਤੇ ਕੇਂਦਰੀ ਆਬਕਾਰੀ ਡਿਊਟੀ ਪੰਜ ਰੁਪਏ ਘਟਾਈ ਸੀ। ਹੁਣ ਵੀ ਸੂਬੇ ਨੂੰ ਆਪਣੇ ਵੱਲੋਂ ਕਟੌਤੀ ਕਰਨ ਲਈ ਉਦੋਂ ਮਜਬੂਰ ਹੋਣਾ ਪਿਆ ਜਦੋਂ ਕੇਂਦਰ ਸਰਕਾਰ ਦੇ ਨਾਲ ਹੀ ਕਈ ਰਾਜਾਂ ਨੇ ਆਪਣੇ ਵੈਟ ਵਿੱਚ ਕਟੌਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਡੀਜ਼ਲ ਕੀਮਤਾਂ ਚੰਡੀਗੜ੍ਹ ਨਾਲੋਂ 3 ਰੁਪਏ ਅਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਨਾਲੋਂ 3.25 ਰੁਪਏ ਪ੍ਰਤੀ ਲਿਟਰ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਇਨ੍ਹਾਂ ਟੈਕਸਾਂ ਰਾਹੀਂ 30 ਹਜ਼ਾਰ ਕਰੋੜ ਰੁਪਏ ਉਗਰਾਹੇ ਗਏ ਹਨ।

ਕਾਂਗਰਸ ਪ੍ਰਧਾਨ ਨੂੰ ਆਪਣੇ ਮੁੱਖ ਮੰਤਰੀ ‘ਤੇ ਭਰੋਸਾ ਨਹੀਂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹਮਲੇ ਬਾਰੇ ਅਕਾਲੀ ਆਗੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਆਪਣੇ ਮੁੱਖ ਮੰਤਰੀ ‘ਤੇ ਭਰੋਸਾ ਨਹੀਂ ਹੈ ਤੇ ਉਨ੍ਹਾਂ ਅਸਿੱਧੇ ਤੌਰ ‘ਤੇ ਮੁੱਖ ਮੰਤਰੀ ਖ਼ਿਲਾਫ਼ ਬੇਵਿਸਾਹੀ ਮਤਾ ਲਿਆਂਦਾ ਹੈ। ਇਸ ਲਈ ਮੁੱਖ ਮੰਤਰੀ ਨੂੰ ਨੈਤਿਕ ਆਧਾਰ ‘ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੇ ਸਹੀ ਕਿਹਾ ਹੈ ਕਿ ਕਾਂਗਰਸ ਸਰਕਾਰ ਜਿਸ ਨੇ ਪੰਜ ਸਾਲਾਂ ਵਿੱਚ ਕੁਝ ਨਹੀਂ ਕੀਤਾ, ਵੱਲੋਂ ਦੋ ਮਹੀਨਿਆਂ ਵਿੱਚ ਪੰਜਾਬੀਆਂ ਨੂੰ ਲੌਲੀਪੌਪ ਦਿੱਤੇ ਜਾ ਰਹੇ ਹਨ।

ਸਰਕਾਰ ‘ਤੇ ਆਪਣੇ ਚਹੇਤਿਆਂ ਨੂੰ ਨੌਕਰੀਆਂ ਵੰਡਣ ਦਾ ਦੋਸ਼

ਸਾਬਕਾ ਅਕਾਲੀ ਮੰਤਰੀ ਨੇ ਦੋਸ਼ ਲਾਇਆ ਵੀਆਈਪੀ ਕੋਟੇ ਦੀ ਦੁਰਵਰਤੋਂ ਕਰ ਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਨਿੁਯਕਤ ਕਰਵਾਇਆ ਹੈ। ਉਨ੍ਹਾਂ ਕਿਹਾ ਕਿ 2017 ਦੇ ਇਸ ਐਕਟ ਰਾਹੀਂ ਇਹ ਲਾਜ਼ਮੀ ਹੈ ਕਿ ਵਕੀਲ ਨੂੰ ਇਸ ਅਹੁਦੇ ਲਈ 16 ਸਾਲ ਵਕਾਲਤ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ, ਪਰ ਮੌਜੂਦਾ ਨਿਯੁਕਤੀ ਕਰਨ ਵਾਸਤੇ ਗ਼ੈਰ ਸਾਧਾਰਨ ਹਾਲਾਤ ਦਾ ਲਾਭ ਲੈ ਕੇ ਇਹ ਨਿਯਮ ਛਿੱਕੇ ਟੰਗ ਦਿੱਤਾ ਗਿਆ ਹੈ।



Source link