ਯੇਰੂਸ਼ਲਮ, 8 ਨਵੰਬਰ
ਸੁਰੱਖਿਆ ਖੋਜਕਾਰਾਂ ਨੇ ਅੱਜ ਖੁਲਾਸਾ ਕੀਤਾ ਕਿ ਵਿਵਾਦਿਤ ਇਜ਼ਰਾਇਲੀ ‘ਹੈਕਰ-ਫਾਰ-ਹਾਇਰ’ (ਜਾਣਕਾਰੀ ਚੋਰੀ ਕਰਨ ਲਈ ਕਿਰਾਏ ‘ਤੇ ਉਪਲੱਬਧ) ਕੰਪਨੀ ਐੱਨਐੱਸਓ ਗਰੁੱਪ ਦੇ ਸਪਾਈਵੇਅਰ ਛੇ ਫਲਸਤੀਨੀ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਮੋਬਾਈਲ ਫੋਨ ਵਿੱਚ ਪਾਏ ਗਏ ਸਨ। ਇਨ੍ਹਾਂ ਵਿੱਚੋਂ ਅੱਧੇ ਅਜਿਹੇ ਗਰੁੱਪ ਨਾਲ ਜੁੜੇ ਸਨ, ਜਿਨ੍ਹਾਂ ਨੂੰ ਇਜ਼ਰਾਈਲ ਦੇ ਰੱਖਿਆ ਮੰਤਰੀ ਬੈਨੀ ਗੈਂਟਜ਼ ਨੇ ਕਥਿਤ ਅਤਿਵਾਦੀ ਜਥੇਬੰਦੀਆਂ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਸੀ।
ਇਹ ਫਲਸਤੀਨੀ ਕਾਰਕੁਨਾਂ ਦੇ ਪੈਗਾਸਸ ਸਪਾਈਵੇਅਰ ਵੱਲੋਂ ਨਿਸ਼ਾਨਾ ਬਣਾਏ ਜਾਣ ਦੀ ਪਹਿਲੀ ਉਦਾਹਰਣ ਹੈ। ਮੈਕਸਿਕੋ ਤੋਂ ਲੈ ਕੇ ਸਾਊਦੀ ਅਰਬ ਤੱਕ ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਸਿਆਸੀ ਵਿਰੋਧੀਆਂ ਖ਼ਿਲਾਫ਼ ਇਸ ਦੀ ਵਰਤੋਂ ਨਾਲ ਜੁੜੇ ਦਸਤਾਵੇਜ਼ 2015 ਤੋਂ ਉਪਲੱਬਧ ਹਨ।
ਗੈਰ-ਲਾਭਕਾਰੀ ‘ਫਰੰਟਲਾਈਨ ਡਿਫੈਂਡਰਜ਼’ ਦੇ ਮੁਹੰਮਦ ਅਲ-ਮਸਕਾਤੀ ਦੇ ਫੋਨ ਵਿੱਚ ਸਭ ਤੋਂ ਪਹਿਲਾਂ ਸਾਹਮਣੇ ਆਏ ਇਸ ਸਪਾਈਵੇਅਰ ਬਾਰੇ ਇਹ ਸਪਸ਼ਟ ਨਹੀਂ ਹੈ ਕਿ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਫੋਨ ਵਿੱਚ ਇਸ ਨੂੰ ਕਿਸ ਨੇ ਰੱਖਿਆ ਸੀ। ਅਕਤੂਬਰ ਦੇ ਅੱਧ ਵਿੱਚ ਪਹਿਲੀਆਂ ਦੋ ਘੁਸਪੈਠਾਂ ਬਾਰੇ ਪਤਾ ਚੱਲਣ ਤੋਂ ਤੁਰੰਤ ਬਾਅਦ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਛੇ ਫਲਸਤੀਨੀ ਸਿਵਲ ਸੁਸਾਇਟੀਆਂ ਨੂੰ ਅਤਿਵਾਦੀ ਜਥੇਬੰਦੀਆਂ ਐਲਾਨ ਦਿੱਤਾ।
ਆਇਰਲੈਂਡ ਸਥਿਤ ‘ਫਰੰਟਲਾਈਨ ਡਿਫੈਂਡਰਜ਼’ ਅਤੇ ਪੀੜਤਾਂ ਵਿੱਚੋਂ ਘੱਟ ਤੋਂ ਘੱਟ ਦੋ ਦਾ ਕਹਿਣਾ ਹੈ ਕਿ ਉਹ ਇਜ਼ਰਾਈਲ ਨੂੰ ਮੁੱਖ ਸ਼ੱਕੀ ਮੰਨਦੇ ਹਨ । ਉਨ੍ਹਾਂ ਨੂੰ ਲਗਦਾ ਹੈ ਕਿ ਇਹ ਅਤਿਵਾਦੀ ਸੰਗਠਨ ਐਲਾਨਣ ਅਤੇ ਜਾਸੂਸੀ ਦਾ ਪਤਾ ਚੱਲਣ ਦੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਲਈ ਕੀਤਾ ਗਿਆ ਹੋ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਦਾਅਵੇ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ। -ਏਪੀ