ਮਨਧੀਰ ਦਿਓਲ
ਨਵੀਂ ਦਿੱਲੀ, 9 ਨਵੰਬਰ
ਇਥੇ 27ਵੇਂ ਮਹਿਲਾ ਨਹਿਰੂ ਹਾਕੀ ਕੱਪ ਦਾ ਫਾਈਨਲ ਮੁਕਾਬਲਾ ਹਿਸਾਰ ਦੀ ਗੁਰੂ ਜੰਬੇਸ਼ਵਰ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਤੇ ਡਾਇਰੈਕਟੋਰੇਟ ਜਨਰਲ-ਐੱਨਸੀਸੀ ਦੀਆਂ ਟੀਮਾਂ ਵਿਚਾਲੇ ਸ਼ਿਵਾਜੀ ਸਟੇਡੀਅਮ ਵਿੱਚ 10 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਹੋਵੇਗਾ। ਅੱਜ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਹਿਸਾਰ ਦੀ ਟੀਮ ਨੇ ਸਰਕਾਰੀ ਹਾਈ ਸਕੂਲ (ਲੜਕੀਆਂ), ਬਾਰੈਇਤੂ (ਰਾਂਚੀ) ਦੀ ਟੀਮ ਨੂੰ ਫਸਵੇਂ ਮੁਕਾਬਲੇ ਵਿੱਚ 2-1 ਨਾਲ ਹਰਾਇਆ। ਹਿਸਾਰ ਦੀ ਟੀਮ ਨੇ ਆਪਣਾ ਗੋਲ ਚੌਥੇ ਕੁਆਰਟਰ ਵਿੱਚ ਕੀਤਾ, ਜਦੋਂ ਕਿ ਰਾਂਚੀ ਦੀ ਟੀਮ ਦੂਜੇ ਕੁਆਰਟਰ ਵਿੱਚ ਹੀ ਇੱਕ ਗੋਲ ਕਰ ਅੱਗੇ ਨਿਕਲ ਗਈ ਸੀ। ਬਾਅਦ ਵਿੱਚ ਇੱਕ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਹਿਸਾਰ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ। ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਡਾਇਰੈਕਟੋਰੇਟ ਜਨਰਲ-ਐੱਨਸੀਸੀ ਦੀ ਟੀਮ ਨੇ ਗਵਾਲੀਅਰ ਦੀ ਕਿਡੀਜ਼ ਹਾਇਰ ਸੈਕੰਡਰੀ ਸਕੂਲ ਦੀ ਟੀਮ ਨੂੰ 2-0 ਨਾਲ ਹਰਾਇਆ। ਐੱਨਸੀਸੀ ਨੇ ਦੋਨੋਂ ਗੋਲ ਤੀਜ਼ੇ ਕੁਆਰਟਰ ਵਿੱਚ ਕੀਤੇ। ਫਾਈਨਲ ਦੇ ਜੇਤੂਆਂ ਤੇ ਉਪ ਜੇਤੂਆਂ ਨੂੰ ਭਲਕੇ ਇਨਾਮ ਦਿੱਤੇ ਜਾਣਗੇ।