ਕਿਸਾਨਾਂ ਦੀ ਜ਼ਮੀਨ ਡੇਰੇ ਨੂੰ ਦੇਣ ਦਾ ਵਿਰੋਧ

ਕਿਸਾਨਾਂ ਦੀ ਜ਼ਮੀਨ ਡੇਰੇ ਨੂੰ ਦੇਣ ਦਾ ਵਿਰੋਧ


ਪਾਲ ਸਿੰਘ ਨੌਲੀ

ਜਲੰਧਰ, 10 ਨਵੰਬਰ

ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਨੇ ਅੱਜ ਖੇਤੀ ਕਾਨੂੰਨਾਂ ਖ਼ਿਲਾਫ਼ ਲੜਦੇ ਹੋਏ ਸ਼ਹੀਦ ਹੋਏ ਸਾਥੀਆਂ ਨੂੰ ਪਿੰਡ ਉਧੋਵਾਲ ਦੇ ਸ਼ਹੀਦੀ ਚੌਕ ਵਿਚ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੇ ਹਾਕਮ ਅੱਜ ਸਰਮਾਏਦਾਰਾਂ ਦੇ ਏਜੰਟ ਬਣੇ ਹੋਏ ਹਨ, ਉਨ੍ਹਾਂ ਦੇ ਹਿੱਤ ਪੂਰਨ ਲਈ ਧੜਾਧੜ ਕਿਸਾਨ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਪਿੰਡ ਉਧੋਵਾਲ, ਬਲੰਦਾ ਤੇ ਪਛਾੜੀਆਂ ਦੇ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਇਕ ਨਿੱਜੀ ਡੇਰੇ ਦੇ ਸਪੁਰਦ ਕਰ ਕੇ ਕਿਸਾਨਾਂ ਨੂੰ ਉਜਾੜਨ ਦੇ ਰਾਹ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਮੀਨਾਂ ਦੇ ਮਾਲਕ ਜਿਹੜੇ ਰੋਜ਼ੀ-ਰੋਟੀ ਲਈ ਵਿਦੇਸ਼ ਗਏ ਹੋਏ ਹਨ, ਉਨ੍ਹਾਂ ਦੀ ਸਹਿਮਤੀ ਤੋਂ ਬਗੈਰ ਹੀ ਉਨ੍ਹਾਂ ਦੀਆਂ ਜ਼ਮੀਨਾਂ ਐਕੁਆਇਰ ਕਰ ਕੇ ਉਨ੍ਹਾਂ ਨੂੰ ਪੈਸੇ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਮੰਡ, ਸੁਖਵਿੰਦਰ ਖੇਲਾ ਅਤੇ ਔਰਤ ਵਿੰਗ ਦੇ ਆਗੂ ਸੁਰਜੀਤ ਕੌਰ, ਰਤਨ ਸਿੰਘ, ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਕਰ ਕੇ ਖੇਤੀਬਾੜੀ ਨੂੰ ਵਪਾਰ ਬਣਾ ਕੇ ਮਿਹਨਤਕਸ਼ ਲੋਕਾਂ ਤੋਂ ਰੋਟੀ ਖੋਹ ਕੇ ਕਾਰਪੋਰੇਟਾਂ ਦੀਆਂ ਤਿਜੌਰੀਆਂ ਭਰਨ ਲਈ ਵਰਤਿਆ ਜਾ ਸਕੇ।

ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ੋਨ ਰਾਮਤੀਰਥ, ਚੋਗਾਵਾਂ ਤੇ ਲੋਪੋਕੇ ਦੀਆਂ ਮੀਟਿੰਗਾਂ ਜ਼ੋਨ ਪ੍ਰਧਾਨ ਕੁਲਜੀਤ ਸਿੰਘ ਕਾਲੇ ਘਣੂਪੁਰ, ਪ੍ਰਧਾਨ ਕੁਲਵੰਤ ਸਿੰਘ ਕੱਕੜ, ਪ੍ਰਧਾਨ ਕੁਲਬੀਰ ਸਿੰਘ ਲੋਪੋਕੇ ਦੀ ਪ੍ਰਧਾਨਗੀ ਹੇਠ ਕੀਤੀਆਂ ਗਈਆਂ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਕੱਤਰ ਸਿੰਘ ਕੋਟਲਾ, ਬਾਜ ਸਿੰਘ ਸਾਰੰਗੜਾ ਨੇ ਕਿਹਾ ਕਿ 24 ਨਵੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਤੋਂ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਦਾ ਜਥਾ ਟਰੈਕਟਰ ਟਰਾਲੀਆਂ ‘ਤੇ ਦਿੱਲੀ ਮੋਰਚੇ ਲਈ ਕੂਚ ਕਰੇਗਾ।

ਕਿਸਾਨ ਆਗੂ ਗੁਰਬਚਨ ਸਿੰਘ ਚੱਬਾ, ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਜੇ ਨਾਜਾਇਜ਼ ਖਣਨ ਨਾ ਰੋਕੀ ਗਈ ਤਾਂ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਹਲਕਾ ਵਿਧਾਇਕ ਦੇ ਪਿੰਡ ਪੱਧਰੀ ਪੁਤਲੇ ਫੂਕ ਕੇ ਸੰਘਰਸ਼ ਵਿੱਢਿਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਵਿੱਚ ਕਿਸਾਨਾਂ ਉੱਤੇ ਕੀਤੇ ਨਾਜਾਇਜ਼ ਪਰਚੇ ਰੱਦ ਕੀਤੇ ਜਾਣ ਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ। ਇਸ ਮੌਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਝੋਨੇ ਦੀ ਖ਼ਰੀਦ ਬੰਦ ਕਰਨ ਦੀ ਨਿਖੇਧੀ ਕੀਤੀ ਗਈ।

ਗੜ੍ਹਸ਼ੰਕਰ (ਜੇਬੀ ਸੇਖੋਂ): ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਗੜ੍ਹਸ਼ੰਕਰ ਦੇ ਜੀਓ ਦਫ਼ਤਰ ਅੱਗੇ ਚੱਲ ਰਿਹਾ ਧਰਨਾ ਅੱਜ 340ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਧਰਨੇ ਦੀ ਪ੍ਰਧਾਨਗੀ ਰਣਜੀਤ ਸਿੰਘ ਪੱਪੂ ਨੇ ਕੀਤੀ ਅਤੇ ਕੇਂਦਰ ਸਰਕਾਰ ‘ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤਾਣ ਦਾ ਦੋਸ਼ ਲਾਇਆ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਸ਼ਿੰਗਾਰਾ ਰਾਮ ਭੱਜਲ, ਕਸ਼ਮੀਰੀ ਲਾਲ ਅਤੇ ਬੀਬੀ ਸੁਭਾਸ਼ ਮੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀ ਨਹੀਂ ਸਗੋਂ ਪੂੰਜੀਪਤੀਆਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਸੜਕਾਂ ‘ਤੇ ਰੁਲ ਰਿਹਾ ਹੈ ਜਦਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਇਸ ਅੰਦੋਲਨ ਨੂੰ ਤਾਰਪੀਡੋ ਕਰਨ ‘ਤੇ ਤੁਲੀ ਹੋਈ ਹੈ।

ਤਰਨ ਤਾਰਨ (ਗੁਰਬਖ਼ਸ਼ਪੁਰੀ): ਸੰਯੁਕਤ ਕਿਸਾਨ ਮੋਰਚੇ ਵੱਲੋਂ 28 ਨਵੰਬਰ ਨੂੰ ਲੁਧਿਆਣਾ ਵਿੱਚ ਕੀਤੀ ਜਾਣ ਵਾਲੀ ਮਹਾ ਰੈਲੀ ਦੀਆਂ ਤਿਆਰੀਆਂ ਲਈ ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਬਾਠ ਵਿੱਚ ਇਲਾਕੇ ਦੇ ਕਿਸਾਨਾਂ-ਮਜ਼ਦੂਰਾਂ ਦੀ ਇਕੱਤਰਤਾ ਕਰ ਕੇ ਲੁਧਿਆਣਾ ਦੀ ਮਹਾ ਰੈਲੀ ਵਿੱਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ| ਇਕੱਤਰਤਾ ਨੂੰ ਕਿਸਾਨ ਸਭਾ ਦੇ ਸੂਬਾ ਆਗੂ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਮਹਾ ਰੈਲੀ ਦੇਸ਼ ਦੇ ਕਿਸਾਨ ਅੰਦੋਲਨ ਨੂੰ ਨਵੀਂ ਅਤੇ ਮਜ਼ਬੂਤ ਦਿਸ਼ਾ ਦੇਵੇਗੀ| ਇਸ ਮੌਕੇ ਬਲਦੇਵ ਸਿੰਘ ਪੰਡੋਰੀ, ਗੁਰਭੇਜ ਸਿੰਘ ਭੱਟੀ, ਗੁਰਪ੍ਰਤਾਪ ਸਿੰਘ ਨੰਬਰਦਾਰ,ਬਾਬਾ ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ|

ਕੋਟ ਮੁਹੰਮਦ ਖਾਨ ‘ਚ ਕਿਸਾਨ ਸਭਾ ‘ਚ ਸ਼ਮੂਲੀਅਤ ਲਈ ਜਥਾ ਰਵਾਨਾ

ਪਠਾਨਕੋਟ (ਐਨਪੀ ਧਵਨ): ਕੋਟ ਮੁਹੰਮਦ ਖਾਨ ਵਿਚ ਹੋ ਰਹੀ ਕਿਸਾਨ ਮਹਾਂ ਸਭਾ ਵਿੱਚ ਸ਼ਾਮਲ ਹੋਣ ਲਈ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਪਠਾਨਕੋਟ ਦਾ ਜਥਾ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਦੀ ਅਗਵਾਈ ਹੇਠ ਰਵਾਨਾ ਹੋਇਆ। ਇਹ ਜਥਾ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਪੈਂਦੇ ਲਦਪਾਲਵਾਂ ਟੌਲ ਪਲਾਜ਼ਾ ਤੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ। ਜਥੇ ਵਿੱਚ ਇਕਬਾਲ ਸਿੰਘ, ਕੇਵਲ ਕਾਲੀਆ, ਬਲਵੰਤ ਸਿੰਘ ਘੋਹ, ਬਲਦੇਵ ਸਿੰਘ ਨਿਹੰਗ, ਜਸਵੰਤ ਸਿੰਘ ਕੋਠੀ ਪ੍ਰੇਮ ਸਿੰਘ, ਕੇਵਲ ਸਿੰਘ ਕੰਗ, ਪਿਸ਼ੌਰਾ ਸਿੰਘ, ਬਾਵਾ ਸਿੰਘ, ਸ਼ਸ਼ੀਪਾਲ, ਹਰਜਿੰਦਰ ਸਿੰਘ, ਮਾਸਟਰ ਗੁਰਦੀਪ ਸਿੰਘ, ਕੇਵਲ ਕ੍ਰਿਸ਼ਨ ਭੋਆ, ਲੱਭਾ ਰਾਮ, ਸਵਰਨ ਸਿੰਘ, ਮੱਖਣ ਸਿੰਘ, ਕਰਮ ਸਿੰਘ, ਹਰਮਨਜੀਤ ਸਿੰਘ ਬੀਡੀਓ, ਤਰਸੇਮ ਸਿੰਘ ਝਾਖੋਲਾਹੜੀ, ਚੰਨਣ ਸਿੰਘ, ਜਰਨੈਲ ਸਿੰਘ, ਮੰਗਤ ਸਿੰਘ ਆਦਿ ਆਗੂ ਗਏ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਦਪਾਲਵਾਂ ਟੌਲ ਪਲਾਜ਼ਾ ਉੱਪਰ 16 ਨਵੰਬਰ ਨੂੰ ਮਹਾਂ ਸਭਾ ਕੀਤੀ ਜਾਵੇਗੀ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਕੇਂਦਰੀ ਆਗੂ ਸ਼ਾਮਲ ਹੋਣਗੇ।



Source link