ਲੰਡਨ/ਕਰਾਚੀ, 10 ਨਵੰਬਰ
ਨੋਬਲ ਪੁਰਸਕਾਰ ਜੇਤੂ ਅਤੇ ਲੜਕੀਆਂ ਦੀ ਸਿੱਖਿਆ ਦੀ ਹਮਾਇਤ ਕਰਨ ਵਾਲੀ ਕਾਰਕੁਨ ਮਲਾਲਾ ਯੂਸਫਜ਼ਈ ਨੇ ਯੂਕੇ ਵਿੱਚ ਇੱਕ ਛੋਟੇ ਜਿਹੇ ਸਮਾਗਮ ਵਿੱਚ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਇੱਕ ਉੱਚ ਅਧਿਕਾਰੀ ਨਾਲ ਵਿਆਹ ਕਰ ਲਿਆ ਹੈ। ਟਵਿਟਰ ‘ਤੇ ਆਪਣੇ ਵਿਆਹ ਸਬੰਧੀ ਐਲਾਨ ਕਰਦਿਆਂ 24 ਸਾਲਾ ਮਲਾਲਾ ਨੇ ਆਪਣੇ ਪਤੀ ਆਸਰ ਮਲਿਕ ਅਤੇ ਪਰਿਵਾਰਕ ਮੈਂਬਰਾਂ ਨਾਲ ਸਮਾਗਮ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸੂਟ ਅਤੇ ਸਾਦੇ ਗਹਿਣਿਆਂ ਨਾਲ ਸਜ਼ੀ ਮਲਾਲਾ ਬਰਮਿੰਘਮ ਸਥਿਤ ਆਪਣੇ ਘਰ ਵਿੱਚ ਮਲਿਕ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦੀ ਨਜ਼ਰ ਆ ਰਹੀ ਹੈ, ਜਿੱਥੇ ਆਸਰ ਛੁੱਟੀਆਂ ਦੌਰਾਨ ਗਿਆ ਸੀ। ਆਸਰ ਮਲਿਕ ਪਾਕਿਸਤਾਨ ਕ੍ਰਿਕਟ ਬੋਰਡ ਦੇ ਹਾਈ ਪਰਫਾਰਮੈਂਸ ਸੈਂਟਰ ਦਾ ਜਨਰਲ ਮੈਨੇਜਰ ਹੈ। ਮਲਾਲਾ ਨੇ ਟਵੀਟ ਕੀਤਾ,’ਅੱਜ ਮੇਰੀ ਜ਼ਿੰਦਗੀ ਦਾ ਬੇਹੱਦ ਖ਼ਾਸ ਦਿਨ ਹੈ। ਆਸਰ ਅਤੇ ਮੈਂ ਵਿਆਹ ਬੰਧਨ ‘ਚ ਬੱਝ ਗਏ ਹਾਂ।’ ਕ੍ਰਿਕਟ ਪ੍ਰਸ਼ੰਸਕ ਅਤੇ ਪਾਕਿਸਤਾਨੀ ਟੀਮ ਦੀ ਸਮਰਥਕ ਮਲਾਲਾ ਨੇ ਕਿਹਾ,’ਅਸੀਂ ਬਰਮਿੰਘਮ ਵਿੱਚ ਆਪਣੇ ਪਰਿਵਾਰਾਂ ਦੀ ਹਾਜ਼ਰੀ ‘ਚ ਇੱਕ ਛੋਟਾ ਜਿਹਾ ਨਿਕਾਹ ਸਮਾਗਮ ਕੀਤਾ। ਤੁਸੀਂ ਸਾਨੂੰ ਆਪਣੀਆਂ ਦੁਆਵਾਂ ਦਿਓ। ਅਸੀਂ ਦੋਵੇਂ ਅਗਲਾ ਸਫ਼ਰ ਇਕੱਠਿਆਂ ਕਰਨ ਲਈ ਕਾਫ਼ੀ ਉਤਸੁਕ ਹਾਂ।’ ਮਲਾਲਾ ਅਤੇ ਆਸਰ ਦੀ ਪਹਿਲੀ ਮੁਲਾਕਾਤ ਦੋ ਸਾਲ ਪਹਿਲਾਂ ਹੋਈ ਸੀ ਤੇ ਉਦੋਂ ਤੋਂ ਹੀ ਉਹ ਇੱਕ-ਦੂਜੇ ਦੇ ਸੰਪਰਕ ‘ਚ ਸਨ। -ਪੀਟੀਆਈ