ਆਸਟਰੇਲੀਆ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ-ਤੋੜ

ਆਸਟਰੇਲੀਆ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ-ਤੋੜ


ਮੈਲਬਰਨ, 15 ਨਵੰਬਰ

ਇਥੇ ਮਹਾਤਮਾ ਗਾਂਧੀ ਦੀ ਤਾਂਬੇ ਦੇ ਬੁੱਤ ਦੀ ਅੱਜ ਭੰਨ-ਤੋੜ ਕੀਤੀ ਗਈ ਹੈ। ਇਹ ਬੁੱਤ ਭਾਰਤ ਸਰਕਾਰ ਵੱਲੋਂ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਆਸਟਰੇਲੀਆ ਨੂੰ ਤੋਹਫੇ ਵਜੋਂ ਦਿੱਤਾ ਗਿਆ ਸੀ। ਇਸੇ ਦੌਰਾਨ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੋਟ ਮੌਰੀਸਨ ਨੇ ਘਟਨਾ ‘ਤੇ ਦੁੱਖ ਜਤਾਇਆ ਹੈ। ਰਾਸ਼ਟਰਪਿਤਾ ਦੇ ਪੁਤਲੇ ਦੀ ਭੰਨਤੋੜ ਕਾਰਨ ਆਸਟਰੇਲੀਆ ਵਾਸੀ ਪਰਵਾਸੀ ਭਾਰਤੀਆਂ ਵਿੱਚ ਗ਼ਮ ਤੇ ਦੁੱਖ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਸਕੋਟ ਮੌਰੀਸਨ ਨੇ ਇਹ ਬੁੱਤ ਕੁਝ ਘੰਟੇ ਪਹਿਲਾਂ ਹੀ ਰੋਵਿਲੇ ਸਥਿਤ ਆਸਟਰੇਲੀਅਨ-ਭਾਰਤੀ ਕਮਿਊਨਿਟੀ ਸੈਂਟਰ ਵਿੱਚ ਲਗਾਇਆ ਸੀ। ਇਸ ਮੌਕੇ ਭਾਰਤ ਦੇ ਕਾਊਂਸਲ ਜਨਰਲ ਰਾਜ ਕੁਮਾਰ ਤੇ ਆਸਟਰੇਲੀਆ ਦੇ ਕਈ ਸਿਆਸੀ ਆਗੂ ਹਾਜ਼ਰ ਸਨ। ‘ਦਿ ਏਜ’ ਨਿਊਜ਼ਪੇਪਰ ਅਨੁਸਾਰ ਮੌਰੀਸਨ ਨੇ ਟਵੀਟ ਕੀਤਾ ਕਿ ਮਹਾਤਮਾ ਗਾਂਧੀ ਦੇ ਬੁੱਤ ਦਾ ਕੀਤਾ ਗਿਆ ਅਪਮਾਨ ਬਹੁਤ ਹੀ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਸਮਾਜ-ਵਿਰੋਧੀ ਅਨਸਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਆਸਟਰੇਲੀਅਨ-ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੰਚਾਈ ਹੈ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸੇ ਦੌਰਾਨ ਵਿਕਟੋਰੀਆ ਪੁਲੀਸ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਪਾਵਰ ਟੂਲ ਦੀ ਮਦਦ ਨਾਲ ਬੁੱਤ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਚਸ਼ਮਦੀਦਾਂ ਨੂੰ ਮੁਲਜ਼ਮਾਂ ਬਾਰੇ ਪੁਲੀਸ ਨੂੰ ਜਾਣਕਾਰੀ ਦੇਣ ਲਈ ਕਿਹਾ ਹੈ। -ਪੀਟੀਆਈ



Source link