ਤ੍ਰਿਪੁਰਾ ਪੁਲੀਸ ਵੱਲੋਂ ਦੋ ਮਹਿਲਾ ਪੱਤਰਕਾਰ ਗ੍ਰਿਫ਼ਤਾਰ

ਤ੍ਰਿਪੁਰਾ ਪੁਲੀਸ ਵੱਲੋਂ ਦੋ ਮਹਿਲਾ ਪੱਤਰਕਾਰ ਗ੍ਰਿਫ਼ਤਾਰ


ਅਗਰਤਲਾ/ਕਰੀਮਗੰਜ (ਅਸਾਮ), 15 ਨਵੰਬਰ

ਅਸਾਮ ਪੁਲੀਸ ਵੱਲੋਂ ਤ੍ਰਿਪੁਰਾ ਵਿੱਚ ਹਾਲ ਹੀ ‘ਚ ਵਾਪਰੀਆਂ ਫ਼ਿਰਕੂ ਘਟਨਾਵਾਂ ਬਾਰੇ ਲਿਖਣ ਲਈ ਗ੍ਰਿਫ਼ਤਾਰ ਕੀਤੀਆਂ ਗਈਆਂ ਦੋ ਮਹਿਲਾ ਪੱਤਰਕਾਰਾਂ ਨੂੰ ਅੱਜ ਤ੍ਰਿਪੁਰਾ ਪੁਲੀਸ ਨੇ ਹਿਰਾਸਤ ‘ਚ ਲੈ ਲਿਆ। ਐਤਵਾਰ ਨੂੰ ਇੱਕ ਵੀਐੱਚਪੀ ਸਮਰਥਕ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਐੱਚਡਬਲਿਊ ਨਿਊਜ਼ ਨੈੱਟਵਰਕ ਨਾਲ ਕੰਮ ਕਰ ਰਹੀਆਂ ਪੱਤਰਕਾਰਾਂ- ਸਮ੍ਰਿਧੀ ਸਕੁਨੀਆ ਅਤੇ ਸਵਰਨਾ ਝਾਅ ਦੇ ਨਾਂ ਫਾਤੀਕਰੋਏ ਪੁਲੀਸ ਸਟੇਸ਼ਨ ਵਿੱਚ ਦਾਖ਼ਲ ਕੀਤੀ ਗਈ ਇੱਕ ਐੱਫਆਈਆਰ ਵਿੱਚ ਸ਼ਾਮਲ ਕੀਤੇ ਗਏ ਹਨ। ਸਬੰਧਤ ਖ਼ਬਰ ਸੰਸਥਾ ਨੇ ਟਵੀਟ ਕੀਤਾ,’ਸਾਡੀਆਂ ਦੋ ਪੱਤਰਕਾਰਾਂ- ਸਮ੍ਰਿਧੀ ਸਕੁਨੀਆ ਅਤੇ ਸਵਰਨਾ ਝਾਅ ਨੂੰ ਤ੍ਰਿਪੁਰਾ ਪੁਲੀਸ ਨੇ ਟਰਾਂਸਿਟ ਰਿਮਾਂਡ ਹਾਸਲ ਕਰਨ ਮਗਰੋਂ ਸਵੇਰੇ ਲਗਪਗ 12.55 ਵਜੇ ਅਸਾਮ ਦੇ ਕਰੀਮਗੰਜ ‘ਚ ਸਥਿਤ ਸ਼ੈਲਟਰ ਹੋਮ ‘ਚੋਂ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਨੂੰ ਤ੍ਰਿਪੁਰਾ ਲਿਜਾਇਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਨੂੰ ਉਦੈਪੁਰ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੀਨੀਅਰ ਐਡਵੋਕੇਟ ਪੀਜੁਸ਼ ਵਿਸਵਾਸ ਐੱਚਡਬਲਿਊ ਨਿਊਜ਼ ਨੈੱਟਵਰਕ ਵੱਲੋਂ ਨਿੱਜੀ ਤੌਰ ‘ਤੇ ਉਨ੍ਹਾਂ ਵੱਲੋਂ ਪੇਸ਼ ਹੋਣਗੇ।’ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਸੀ ਕਿ ਪੱਤਰਕਾਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ ਸੀ ਕਿ ਗੋਮਤੀ ਜ਼ਿਲ੍ਹੇ ਵਿੱਚ ਇੱਕ ਮਸਜਿਦ ਨੂੰ ਅੱਗ ਲਾ ਦਿੱਤੀ ਗਈ ਅਤੇ ਕੁਰਾਨ ਸ਼ਰੀਫ ਨੂੰ ਨੁਕਸਾਨ ਪੁੱਜਾ। ਤ੍ਰਿਪੁਰਾ ਪੁਲੀਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਦੋਵਾਂ ਵੱਲੋਂ ਅਪਲੋਡ ਕੀਤੀਆਂ ਗਈਆਂ ਵੀਡੀਓਜ਼ ਨਾਲ ਛੇੜਛਾੜ ਕੀਤੀ ਗਈ ਸੀ। ਤ੍ਰਿਪੁਰਾ ਪੁਲੀਸ ਦੇ ਮੁਖੀ ਵੀ ਐੱਸ ਯਾਦਵ ਦੇ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ‘ਚ ਦਾਅਵਾ ਕੀਤਾ ਗਿਆ ਹੈ ਕਿ ਸਕੁਨੀਆ ਵੱਲੋਂ ਪਾਈਆਂ ਪੋਸਟਾਂ ਸੱਚੀਆਂ ਨਹੀਂ ਸਨ ਤੇ ਇਸ ਨਾਲ ਫ਼ਿਰਕਿਆਂ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਹੋਈ ਹੈ। -ਪੀਟੀਆਈ



Source link