ਪੰਚਕੂਲਾ: ਪੰਜਾਬੀ ਅਦਾਕਾਰਾ ਗੁਰਚਰਨ ਕੌਰ ਬਗੱਣ ਨਹੀਂ ਰਹੀ

ਪੰਚਕੂਲਾ: ਪੰਜਾਬੀ ਅਦਾਕਾਰਾ ਗੁਰਚਰਨ ਕੌਰ ਬਗੱਣ ਨਹੀਂ ਰਹੀ


ਪੀਪੀ ਵਰਮਾ

ਪੰਚਕੂਲਾ, 16 ਨਵੰਬਰ

ਰੰਗਮੰਚ, ਫ਼ਿਲਮਾਂ ਅਤੇ ਹਿੰਦੀ ਪੰਜਾਬੀ ਸੀਰੀਅਲਾਂ ਦੀ ਨਾਮੀ ਕਲਾਕਾਰ ਗੁਰਚਰਨ ਕੌਰ ਬਗੱਣ ਨਹੀਂ ਰਹੇ। ਉਨ੍ਹਾਂ ਦਾ ਸਸਕਾਰ ਸੈਕਟਰ-20 ਪੰਚਕੂਲਾ ਵਿੱਚ ਕਰ ਦਿੱਤਾ ਗਿਆ। ਉਹ ਲੰਬੇ ਸਮੇਂ ਪਰਕਿੰਨਸਨ ਤੋਂ ਪੀੜਤ ਸੀ। ਸਾਰੀ ਜ਼ਿੰਦਗੀ ਥੀਏਟਰ, ਫਿਲਮਾਂ ਅਤੇ ਰੰਗਮੰਚ ਨਾਲ ਜੁੜੀ ਇਹ ਅਦਾਕਾਰਾ ਡੇਢ ਦਹਾਕੇ ਤੋਂ ਪੰਚਕੂਲਾ ਵਿੱਚ ਰਹਿ ਰਹੀ ਸੀ। ਅਦਾਕਾਰਾ ਗੁਰਚਰਨ ਕੌਰ ਬਗੱਣ ਨੇ ਪੰਜਾਬੀ ਫ਼ਿਲਮ ਚੰਨ ਪ੍ਰਦੇਸ਼ੀ, ਲੌਂਗ ਦਾ ਲਿਸ਼ਕਾਰਾ, ਵੇਹੜਾ ਸ਼ਗਨਾਂ ਦਾ, ਨਾਟਕ ਕੰਜੂਸ਼, ਬੋਦੀ ਵਾਲਾ ਤਾਰਾ ਅਤੇ ਨਾਟਕ ਹਿੰਦ ਦੀ ਚਾਦਰ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਮੁੰਬਈ ਵਿੱਚ ਗੁਜ਼ਾਰਿਆ ਅਤੇ ਆਪਣੇ ਅਦਾਕਾਰ ਪਤੀ ਮੋਹਨ ਬੱਗਣ ਨਾਲ ਪੰਚਕੂਲਾ ਵਿੱਚ ਰਹਿ ਰਹੇ ਸਨ। ਅੱਜ ਸੰਸਕਾਰ ਦੌਰਾਨ ਇਲਾਕੇ ਦੇ ਕੌਂਸਲਰ ਸੁਸ਼ੀਲ ਗਰਗ ਤੋਂ ਇਲਾਵਾ ਵੱਡੀ ਗਿਣਤੀ ਦੇ ਕਲਾਕਾਰ ਅਤੇ ਸੈਕਟਰ-20 ਦੀਆਂ ਵੱਖ ਵੱਖ ਸੁਸਾਇਟੀਆਂ ਦੇ ਅਹੁਦੇਦਾਰ ਸ਼ਾਮਲ ਸਨ। ਮੋਹਨ ਬਗੱਣ ਨੇ ਦੱਸਿਆ ਕਿ ਗੁਰਚਰਨ ਕੌਰ ਨੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਵੀ ਕੀਤੀ ਅਤੇ ਫਿਰ ਨੌਕਰੀ ਨੂੰ ਤਿਆਗ-ਪੱਤਰ ਦੇ ਕੇ ਉਹ ਕਲਾ ਨੂੰ ਸਮਰਪਿਤ ਹੋ ਗਏ। ਉਹ ਆਪਣੇ ਪਿੱਛੇ ਇੱਕ ਬੇਟੀ ਅਤੇ ਬੇਟਾ ਛੱਡ ਗਏ।



Source link