ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 18 ਨਵੰਬਰ
ਕੈਨੇਡਾ ਦੇ ਹੜ੍ਹ ਪੀੜਤ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਅੱਜ ਸੂਬੇ ਵਿਚ ਐਮਰਜੈਂਸੀ ਦਾ ਐਲਾਨ ਕਰਕੇ ਹੜ੍ਹ ਪੀੜਤਾਂ ਦੇ ਬਚਾਅ ਅਤੇ ਪੁਨਰਵਾਸ ਲਈ ਕੁਝ ਵੀ ਕਰ ਸਕਣ ਦੇ ਕਾਨੂੰਨੀ ਹੱਕ ਹਾਸਲ ਕਰ ਲਏ ਹਨ। ਸਰਕਾਰ ਨੇ ਬਚਾਅ ਕੰਮਾਂ ਲਈ ਕੇਂਦਰ ਤੋਂ ਫੌਜੀ ਮਦਦ ਦੀ ਮੰਗ ਵੀ ਕੀਤੀ ਹੈ। ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਨੇ ਮੰਤਰੀ ਮੰਡਲ ਦੀ ਸਹਿਮਤੀ ਲੈ ਕੇ ਅੱਜ ਐਮਰਜੈਂਸੀ ਦਾ ਐਲਾਨ ਕੀਤਾ। ਹੁਣ ਸਰਕਾਰ ਨੇ ਪੀੜਤਾਂ ਦੇ ਬਚਾਅ ਅਤੇ ਮੁੜਵਸੇਬੇ ਲਈ ਕਾਨੂੰਨੀ ਬੰਦਸ਼ਾਂ ਦੀ ਛੋਟ ਲੈ ਲਈ ਹੈ। ਸੂਬੇ ਦੇ ਦੱਖਣੀ ਖੇਤਰ ਦੇ ਕਈ ਇਲਾਕੇ ਹਾਲੇ ਵੀ ਹੜ੍ਹ ਦੀ ਮਾਰ ਹੇਠ ਹਨ। ਬੇਸ਼ੱਕ ਮੌਸਮੀ ਪ੍ਰਕੋਪ ਘਟ ਗਿਆ ਹੈ, ਪਰ ਕਈ ਇਲਾਕਿਆਂ ਵਿੱਚ ਪਾਣੀ ਦੇ ਤੇਜ਼ ਵਹਾਅ ਵਿਚ ਫਰਕ ਨਹੀਂ ਆਇਆ ਤੇ ਨੀਵੇਂ ਖੇਤਰ ਪਾਣੀ ਦੀ ਮਾਰ ਹੇਠ ਹਨ। ਸਰਕਾਰ ਵਲੋਂ ਲੋਕਾਂ ਨੂੰ ਗ਼ੈਰਜ਼ਰੂਰੀ ਸਫਰ ਕਰਨ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਮੈਰਿਟ, ਪਰਿੰਸਟਨ ਤੇ ਫਰੇਜ਼ਰ ਘਾਟੀ ਖੇਤਰ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਐਬਟਫੋਰਡ ਅਤੇ ਹੋਪ ਖੇਤਰ ਦੇ ਕਈ ਇਲਾਕੇ ਅਜੇ ਵੀ ਪਾਣੀ ਹੇਠ ਡੁੱਬੇ ਹੋਏ ਹਨ ਤੇ ਸੜਕੀ ਸੰਪਰਕ ਤੋਂ ਵਾਂਝੇ ਹਨ। ਬੇਸ਼ੱਕ ਸਰਕਾਰ ਵੱਲੋਂ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ, ਪਰ ਕੁਝ ਲੋਕ ਕਿਰਾਏ ਦੇ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਥਾਵਾਂ ‘ਤੇ ਪਹੁੰਚ ਰਹੇ ਹਨ। ਢਿੱਗਾਂ ਡਿੱਗਣ ਕਾਰਨ ਬੰਦ ਹੋਈਆਂ ਕੁਝ ਸੜਕਾਂ ਸਾਫ਼ ਕਰਕੇ ਆਵਾਜਾਈ ਲਈ ਖੋਲ੍ਹ ਦਿੱਤੀਆਂ ਗਈਆਂ ਹਨ।
ਸਮਾਜ ਸੇਵੀਆਂ ਵੱਲੋਂ ਹੜ੍ਹ ਪੀੜਤਾਂ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਗੁਰਦੁਆਰਾ ਦੂਖ ਨਿਵਾਰਨ ਸਰੀ ਕਮੇਟੀ ਵੱਲੋਂ ਵੱਡੇ ਪੱਧਰ ਤੇ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਉਥੋਂ ਤਿਆਰ ਲੰਗਰ ਹੈਲੀਕਾਪਟਰਾਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਇਸੇ ਦੌਰਾਨ ਸੜਕਾਂ ਤੇ ਫਸੇ ਲੋਕਾਂ ਵਿੱਚੋਂ ਇੱਕ ਔਰਤ ਦੀ ਮੌਤ ਦੀ ਪੁਸ਼ਟੀ ਹੋਈ ਹੈ, ਪਰ ਸਰਕਾਰ ਦਾ ਮੰਨਣਾ ਹੈ ਕਿ ਮੌਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਕਈ ਥਾਵਾਂ ‘ਤੇ ਸੰਚਾਰ ਸੇਵਾ ਬੰਦ ਹੈ। ਬਿਜਲੀ ਵਿਭਾਗ ਨੇ ਸੇਵਾਵਾਂ ਬਹਾਲ ਕਰਨ ਲਈ ਹਜ਼ਾਰ ਤੋਂ ਵੱਧ ਆਰਜ਼ੀ ਕਾਮੇ ਵੀ ਲਾਏ ਗਏ ਹਨ। ਸਰਕਾਰ ਵੱਲੋਂ ਵਿਭਾਗਾਂ ਨੂੰ ਕਿਸਾਨਾਂ ਦੇ ਹੋਏ ਫਸਲੀ ਨੁਕਸਾਨ ਦੇ ਮੁਲਾਂਕਣ ਲਈ ਵੀ ਕਹਿ ਦਿੱਤਾ ਗਿਆ ਹੈ।