ਕੋਲਕਾਤਾ, 19 ਨਵੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਸਾਨਾਂ ਨੂੰ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਨ ਲਈ ਵਧਾਈ ਦਿੱਤੀ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਸ ਜ਼ਾਲਮਾਨਾ ਢੰਗ ਨਾਲ ਵਿਹਾਰ ਕੀਤਾ ਉਸ ਤੋਂ ਵੀ ਕਿਸਾਨ ਨਹੀਂ ਥਿੜਕੇ। ਬੈਨਰਜੀ ਨੇ ਟਵੀਟ ਕੀਤਾ, ‘ਹਰ ਉਸ ਕਿਸਾਨ ਨੂੰ ਮੇਰੇ ਵੱਲੋਂ ਵਧਾਈ ਜਿਸ ਨੇ ਬਿਨਾਂ ਥਕੇ ਸੰਘਰਸ਼ ਕੀਤਾ ਤੇ ਭਾਜਪਾ ਨੇ ਜਿਸ ਜ਼ਾਲਮਾਨਾ ਢੰਗ ਨਾਲ ਤੁਹਾਡੇ ਨਾਲ ਸਲੂਕ ਕੀਤਾ, ਉਸ ਨਾਲ ਵੀ ਤੁਸੀਂ ਆਪਣੇ ਰਾਹ ਤੋਂ ਨਹੀਂ ਥਿੜਕੇ। ਇਹ ਤੁਹਾਡੀ ਜਿੱਤ ਹੈ। ਉਨ੍ਹਾਂ ਸਾਰੇ ਲੋਕਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ ਜਿਨ੍ਹਾਂ ਇਹ ਸੰਘਰਸ਼ ਦੌਰਾਨ ਆਪਣੇ ਪਿਆਰਿਆਂ ਨੂੰ ਗੁਆਇਆ।’ ਟੀਐੱਮਸੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਕਿਹਾ, ‘ਕਿਸਾਨਾਂ ਦੇ ਲੰਮੇ ਤੇ ਔਖੇ ਸੰਘਰਸ਼, ਉਲਟ ਹਾਲਤਾਂ ਖ਼ਿਲਾਫ਼ ਉਨ੍ਹਾਂ ਦੇ ਹੌਸਲੇ ਤੇ ਦ੍ਰਿੜ੍ਹਤਾ ਦੇ ਸੰਕਲਪ ਨੇ ਭਾਜਪਾ ਨੂੰ ਉਸ ਦੀ ਅਸਲੀ ਥਾਂ ਦਿਖਾ ਦਿੱਤੀ ਹੈ। ਕਿਸਾਨਾਂ ਨੂੰ ਹੋਰ ਤਾਕਤ ਮਿਲੇ।’ -ਪੀਟੀਆਈ