ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਨਵੰਬਰ
ਪੰਜਾਬ ਦੇ ਸੰਘਰਸ਼ੀ ਅਖਾੜਿਆਂ ਸਣੇ ਪਿੰਡਾਂ, ਸ਼ਹਿਰਾਂ ਅਤੇ ਛੋਟੇ ਕਸਬਿਆਂ ਵਿੱਚ ਅੱਜ ਕਿਸਾਨਾਂ ਸਮੇਤ ਸੂਬੇ ਦੇ ਸਮੂਹ ਵਰਗਾਂ ਨੇ ਜਿੱਤ ਦੇ ਜਸ਼ਨ ਮਨਾਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸਵੇਰ ਸਮੇਂ ਤਿੰਨੇ ਖੇਤੀ ਕਾਨੂੰਨ ਵਾਪਸ ਕਰਨ ਦਾ ਐਲਾਨ ਕਰਦਿਆਂ ਹੀ ਸੰਘਰਸ਼ੀ ਅਖਾੜਿਆਂ ‘ਤੇ ਮਾਹੌਲ ਇੱਕਦਮ ਬਦਲ ਗਿਆ। ਇਸ ਦੇ ਨਾਲ ਹੀ ਬੁਲਾਰਿਆਂ ਨੇ ਇਨ੍ਹਾਂ ਕਾਨੂੰਨਾਂ ਦੇ ਤਕਨੀਕੀ ਤੌਰ ‘ਤੇ ਵਾਪਸ ਹੋਣ ਤੱਕ ਅੰਦੋਲਨ ਨੂੰ ਜਾਰੀ ਰੱਖਣ ਦਾ ਅਹਿਦ ਵੀ ਦੁਹਰਾਇਆ।
ਆਗੂਆਂ ਨੇ ਕਿਹਾ ਕਿ ਹਾਲੇ ਕੇਂਦਰ ਸਰਕਾਰ ਨੇ ਫ਼ਸਲਾਂ ਦੇ ਸਮਰਥਨ ਮੁੱਲ ਦੇ ਕਾਨੂੰਨ ਬਾਰੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਾਰੀਆਂ ਫ਼ਸਲਾਂ ਲਈ ਅਤੇ ਦੇਸ਼ ਦੇ ਸਾਰੇ ਕਿਸਾਨਾਂ ਲਈ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਬਣਾਏ ਜਾਣ ਸਬੰਧੀ ਮੰਗ ਕਰ ਰਹੇ ਹਨ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਹੀ ਲੜਾਈ ਨਹੀਂ ਲੜੀ ਸਗੋਂ ਦੇਸ਼ ਦੇ ਲੋਕਾਂ ਨੂੰ ਮੋਦੀ ਸਰਕਾਰ ਦੀ ਲੁੱਟ ਖ਼ਿਲਾਫ਼ ਲਾਮਬੰਦ ਕਰਨ ‘ਚ ਵੀ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੂੰ ਕਾਰਪੋਰੇਟ ਅੱਗੇ ਗੋਡੇ ਟੇਕ ਕੇ ਮੁਲਕ ਨੂੰ ਕਿਸੇ ਵੀ ਸੂਰਤ ਵਿੱਚ ਵਿਕਣ ਨਹੀਂ ਦਿੱਤਾ ਜਾਵੇਗਾ। ਜਿੱਤ ਦੀ ਖੁਸ਼ੀ ‘ਚ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿਸਾਨਾਂ ਤੇ ਨੌਜਵਾਨਾਂ ਨੇ ਮਾਰਚ ਵੀ ਕੱਢੇ। ਧਰਨਿਆਂ ‘ਚ ਅੱਜ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ।
ਦਿੱਲੀ ਬਾਰਡਰਾਂ ‘ਤੇ 26 ਨੂੰ ਜਥੇ ਭੇਜਣ ਦਾ ਪ੍ਰੋਗਰਾਮ ਬਰਕਰਾਰ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਸੰਯੁਕਤ ਮੋਰਚਾ ਪਾਰਲੀਮੈਂਟ ਦੇ ਆਗਾਮੀ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਅਤੇ ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਕਾਨੂੰਨੀ ਗਾਰੰਟੀ ਮਿਲਣ ਦਾ ਇੰਤਜ਼ਾਰ ਕਰੇਗਾ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਹੋਏ ਕੇਸ ਵਾਪਸ ਕਰਾਉਣ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਦਾ ਸਵਾਲ ਵੀ ਹਾਲੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮੌਕੇ 26 ਨਵੰਬਰ ਨੂੰ ਵੱਡੀ ਗਿਣਤੀ ਕਿਸਾਨ ਦਿੱਲੀ ਮੋਰਚਿਆਂ ਉੱਤੇ ਪਹੁੰਚਣਗੇ ਤੇ ਸਮੁੱਚੇ ਹਾਲਾਤ ਦੀ ਸਮੀਖਿਆ ਕਰ ਕੇ ਆਗੂਆਂ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨੂੰ ਕਿਰਤੀ ਕਿਸਾਨਾਂ ਦੀ ਜਿੱਤ ਦੱਸਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਖੇਤੀ ਕਾਨੂੰਨ ਸੰਸਦ ‘ਚੋਂ ਰੱਦ ਹੋਣ ਤੱਕ ਦਿੱਲੀ ਮੋਰਚਾ ਜਾਰੀ ਰਹੇਗਾ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਾਉਣ, ਪਹਿਲਾਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ, ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀ ਦਿਵਾਉਣ ਲਈ ਚੋਣ ਵਾਅਦਿਆਂ ਤੋਂ ਮੁੱਕਰ ਚੁੱਕੀ ਚੰਨੀ ਸਰਕਾਰ ਖ਼ਿਲਾਫ਼ ਪੰਜਾਬ ਭਰ ਵਿੱਚ 13 ਦਸੰਬਰ ਤੋਂ ਦੋ ਰੋਜ਼ਾ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ ਤੇ ਜੇ ਮਸਲੇ ਹੱਲ ਨਾ ਹੋਏ ਤਾਂ ਮੀਟਿੰਗ ਕਰ ਕੇ ਸੰਘਰਸ਼ ਹੋਰ ਵਧਾਇਆ ਜਾਵੇਗਾ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਸਿਰ 1 ਲੱਖ ਕਰੋੜ ਤੋਂ ਵੱਧ ਕਰਜ਼ਾ ਚੜ੍ਹ ਚੁੱਕਾ ਹੈ, ਕਿਸਾਨਾਂ ਦੀਆਂ ਕੁਰਕੀਆਂ, ਗ੍ਰਿਫ਼ਤਾਰੀਆਂ ਹੋ ਰਹੀਆਂ ਹਨ ਤੇ ਹੋਰ ਵੀ ਸਾਰੇ ਵਾਅਦੇ ਅਧੂਰੇ ਪਏ ਹਨ। ਆਗੂਆਂ ਨੇ ਕਿਹਾ ਕਿ ਭਾਵੇਂ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਚੁੱਕੀ ਹੈ, ਪਰ ਇਹ ਕਾਨੂੰਨ ਪਾਰਲੀਮੈਂਟ ਵਿੱਚ ਰੱਦ ਕਰਨੇ ਹਾਲੇ ਬਾਕੀ ਹਨ। ਇਸ ਦੇ ਨਾਲ ਹੀ ਫ਼ਸਲਾਂ ਦੀ ਖ਼ਰੀਦ ਲਈ ਐੱਮਐੱਸਪੀ ਦਾ ਕਾਨੂੰਨ ਬਣਾਉਣ ਤੇ ਅੰਦੋਲਨ ਦੌਰਾਨ ਕਿਸਾਨਾਂ-ਮਜ਼ਦੂਰਾਂ ‘ਤੇ ਪਾਏ ਕੇਸ ਵਾਪਸ ਕਰਾਉਣ ਸਣੇ ਹੋਰ ਕਈ ਮੰਗਾਂ ਹਾਲੇ ਬਾਕੀ ਹਨ।