ਗਗਨਦੀਪ ਅਰੋੜਾ
ਲੁਧਿਆਣਾ, 22 ਨਵੰਬਰ
ਲੁਧਿਆਣਾ ਵਿੱਚ ਵਰਕਰ ਮਿਲਣੀ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕਜੁਟਤਾ ਦਾ ਸੁਨੇਹਾ ਦਿੰਦੇ ਹੋਏ ਰੈਲੀ ਵਿੱਚ ਆਏ ਹਰ ਆਗੂ ਦੀ ਤਾਰੀਫ਼ ਕੀਤੀ। ਚੰਨੀ ਸਰਕਾਰ ਦੀਆਂ ਤਾਰੀਫ਼ਾਂ ਕਰਦੇ ਕਰਦੇ ਹੋਏ ਸਿੱਧੂ ਇਸ ਵਾਰ ਫਿਰ ਆਪਣੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਗਏ। ਰੇਤੇ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਅਸੀਂ ਰੇਤ ਮੁਫ਼ਤ ‘ਚ ਦੇਣ ਦੀ ਗੱਲ ਕਰ ਰਹੇ ਹਾਂ, ਪਰ ਹਾਲੇ ਤੱਕ ਕਾਂਗਰਸ ਸਰਕਾਰ ਦੇ ਰਾਜ ‘ਚ ਰੇਤੇ ਦੀ ਇੱਕ ਟਰਾਲੀ 3500 ਰੁਪਏ ਨੂੰ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਾਵੇਂ ਅਸਤੀਫ਼ਾ ਦੇਣਾ ਪਵੇ, ਪਰ ਮੈਂ ਪੰਜਾਬ ਵਿੱਚ 1000 ਰੁਪਏ ਤੋਂ ਵੱਧ ਰੇਤ ਦੀ ਟਰਾਲੀ ਵਿਕਣ ਨਹੀਂ ਦੇਣੀ। ਚਾਹੇ ਇਸ ਦੇ ਲਈ ਉਨ੍ਹਾਂ ਨੂੰ ਕੁਝ ਵੀ ਕਿਉਂ ਨਾ ਕਰਨਾ ਪਵੇ, ਕਿਉਂਕਿ ਉਹ ਆਮ ਲੋਕਾਂ ਨਾਲ ਜੋ ਵਾਅਦਾ ਕਰਨਗੇ, ਉਸ ਨੂੰ ਜ਼ਰੂਰ ਪੂਰਾ ਕਰਨਗੇ। ਉਨ੍ਹਾਂ ਦੀ ਸਰਕਾਰ ਨੂੰ ਵੀ ਅਜਿਹਾ ਕਰਨਾ ਪਵੇਗਾ। ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਹੱਲਾ ਕਰਦੇ ਹੋਏ ਕਿਹਾ ਕਿ ਉਹ ਭਾਜਪਾ ਅਤੇ ਆਰ.ਐੱਸ.ਐੱਸ. ਦੇ ਇਸ਼ਾਰਿਆਂ ‘ਤੇ ਨੱਚ ਰਹੇ ਸਨ। ਇਸ ਲਈ ਹਾਈਕਮਾਂਡ ਨੂੰ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਹਟਾਉਣਾ ਪਿਆ ਹੈ। ਉਨ੍ਹਾਂ ਦੇ ਰਾਜ ‘ਚ ਪੰਜਾਬ ਸਰਕਾਰ ਵਿਚ ਚੇਅਰਮੈਨ ਜਾਂ ਇਸ ਦੇ ਵਰਗੇ ਅਹੁਦਿਆਂ ਨੂੰ ਕਰੋੜਾਂ ਰੁਪਏ ‘ਚ ਵੇਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸੀ ਵਰਕਰਾਂ ਵਿਚ ਮੁੜ ਜੋਸ਼ ਭਰ ਗਿਆ ਹੈ। ਬਾਦਲ ਪਰਿਵਾਰ ‘ਤੇ ਵਰ੍ਹਦਿਆਂ ਸਿੱਧੂ ਨੇ ਇੱਕ ਵਾਰ ਫਿਰ ਕਿਹਾ ਕਿ 25 ਸਾਲ ਦੇ ਰਾਜ ‘ਚ ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ। ਦੋ ਬੱਸਾਂ ਤੋਂ ਉਨ੍ਹਾਂ ਨੇ 6000 ਬੱਸਾਂ ਦਾ ਕਾਰੋਬਾਰ ਬਣਾ ਲਿਆ ਹੈ। ਸਿੱਧੂ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ‘ਚ ਜੋ ਵੀ ਵਾਅਦਾ ਕੀਤਾ ਜਾਵੇਗਾ, ਉਸ ਨੂੰ ਉਹ ਜ਼ਰੂਰ ਪੂਰਾ ਕਰਵਾਉਣਗੇ। ਸਟੇਜ ਤੋਂ ਉਨ੍ਹਾਂ ਚੰਨੀ ਨੂੰ ਸਲਾਹ ਦਿੱਤੀ ਕਿ ਜੇਕਰ ਆਗਾਮੀ ਵਿਧਾਨ ਸਭਾ ਚੋਣਾਂ ‘ਚ ਉਹ ਵੱਡੀ ਜਿੱਤ ਚਾਹੁੰਦੇ ਹਨ ਤਾਂ ਚੋਣਾਂ ਤੋਂ ਪਹਿਲਾਂ 5 ਹਜ਼ਾਰ ਅਹੁਦਿਆਂ ‘ਤੇ ਵਰਕਰਾਂ ਦਾ ਨਾਂ ਐਲਾਨ ਦੇਣ। ਸਿੱਧੂ ਨੇ ਕਿਹਾ ਕਿ ਗਲਤ ਨੀਤੀਆਂ ਕਾਰਨ ਪੰਜਾਬ ਦੀ 60 ਫੀਸਦੀ ਇੰਡਸਟਰੀ ਬਰਬਾਦ ਹੋ ਚੁੱਕੀ ਹੈ। ਜ਼ਿਆਦਾਤਰ ਇੰਡਸਟਰੀ ਸੂਬੇ ‘ਚੋਂ ਬਾਹਰ ਚਲੇ ਗਈ ਹੈ। ਇਸ ਨੂੰ ਵਾਪਸ ਲਿਆਉਣ ਲਈ ਚੰਗੀਆਂ ਨੀਤੀਆਂ ਬਣਾਉਣਗੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਕਾਰੋਬਾਰੀਆਂ ਦਾ ਜੀਐੱਸਟੀ ਤੇ ਵੈਟ ਰਿਫੰਡ ਸਮੇਂ ‘ਤੇ ਦੇ ਦਿੱਤਾ ਜਾਵੇ ਤਾਂ ਉਹ ਆਪਣੇ ਕੰਮ ਨੂੰ ਤੇਜ਼ੀ ਨਾਲ ਕਰ ਸਕਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਕੁੱਝ ਲੋਕ ਕਹਿੰਦੇ ਹਨ ਕਿ ਉਹ ਕਾਂਗਰਸ ਛੱਡ ਦੇਣਗੇ ਪਰ ਇਸ ਵਿਚ ਕੋਈ ਸੱਚਾਈ ਨਹੀਂ ਤੇ ਉਹ ਆਖ਼ਰ ਤੱਕ ਰਾਹੁਲ ਤੇ ਪ੍ਰਿਯੰਕਾ ਗਾਂਧੀ ਦੇ ਨਾਲ ਚੱਲਣਗੇ।