ਗਿਆਨ ਠਾਕੁਰ
ਸ਼ਿਮਲਾ, 23 ਨਵੰਬਰ
ਹਿਮਾਚਲ ਪ੍ਰਦੇਸ਼ ‘ਚ ਹਾਲ ਹੀ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਭਾਜਪਾ ਦੀ 4-0 ਨਾਲ ਹਾਰ ਤੋਂ ਬਾਅਦ ਪਾਰਟੀ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਅਤੇ ਪਾਰਟੀ ਲਗਾਤਾਰ ਬਗਾਵਤ ਨਾਲ ਜੂਝ ਰਹੀ ਹੈ। ਜ਼ਿਮਨੀ ਚੋਣ ‘ਚ ਹਾਰ ਬਾਰੇ 23 ਤੋਂ 25 ਨਵੰਬਰ ਤੱਕ ਸ਼ਿਮਲਾ ‘ਚ ਭਾਜਪਾ ਨੇ ਮੰਥਨ ਕਰਨਾ ਹੈ ਪਰ ਇਸ ਤੋਂ ਪਹਿਲਾਂ ਪਾਰਟੀ ਦੇ ਉਪ ਪ੍ਰਧਾਨ ਕ੍ਰਿਪਾਲ ਪਰਮਾਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਕ੍ਰਿਪਾਲ ਪਰਮਾਰ ਦੇ ਇਸ ਅਸਤੀਫੇ ਨੂੰ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਕ੍ਰਿਪਾਲ ਪਰਮਾਰ ਫਤਿਹਪੁਰ ਵਿਧਾਨ ਸਭਾ ਹਲਕੇ ਤੋਂ ਪਾਰਟੀ ਟਿਕਟ ਦੀ ਮੰਗ ਕਰ ਰਹੇ ਸਨ ਪਰ ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦਿਆਂ ਇੱਥੋਂ ਬਲਦੇਵ ਠਾਕੁਰ ਨੂੰ ਟਿਕਟ ਦੇ ਦਿੱਤੀ ਅਤੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।