ਇਸਲਾਮਾਬਾਦ, 23 ਨਵੰਬਰ
ਪਾਕਿਸਤਾਨ ਨੇ ਅੱਜ ਭਾਰਤ ਦੇ ਉਸ ਰੁਖ਼ ਨੂੰ ‘ਬੇਬੁਨਿਆਦ’ ਕਹਿੰਦਿਆਂ ਖਾਰਜ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਫਰਵਰੀ 2019 ਵਿਚ ਭਾਰਤੀ ਪਾਇਲਟ ਨੇ ਹਵਾਈ ਟਕਰਾਅ ਦੌਰਾਨ ਇਕ ਪਾਕਿਸਤਾਨੀ ਐੱਫ-16 ਹਵਾਈ ਜਹਾਜ਼ ਡੇਗ ਲਿਆ ਸੀ। ਜ਼ਿਕਰਯੋਗ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ (ਹੁਣ ਗਰੁੱਪ ਕੈਪਟਨ) ਦਾ ਮਿੱਗ-21 ਜਹਾਜ਼ 27 ਫਰਵਰੀ, 2019 ਨੂੰ ਪਾਕਿਸਤਾਨੀ ਖੇਤਰ ਵਿਚ ਡਿਗ ਗਿਆ ਸੀ ਤੇ ਉਨ੍ਹਾਂ ਨੂੰ ਉੱਥੋਂ ਦੀ ਫ਼ੌਜ ਨੇ ਫੜ ਲਿਆ ਸੀ। ਅਭੀਨੰਦਨ ਨੂੰ ਮਗਰੋਂ ਪਹਿਲੀ ਮਾਰਚ ਨੂੰ ਰਿਹਾਅ ਕੀਤਾ ਗਿਆ ਸੀ। ਇਸ ਹਵਾਈ ਟਕਰਾਅ ਦੌਰਾਨ ਹੀ ਵਿੰਗ ਕਮਾਂਡਰ ਵੱਲੋਂ ਪਾਕਿਸਤਾਨ ਦਾ ਐਫ-16 ਜਹਾਜ਼ ਡੇਗਣ ਬਾਰੇ ਕਿਹਾ ਗਿਆ ਸੀ। ਵਿੰਗ ਕਮਾਂਡਰ ਨੂੰ ਹੁਣ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਵੀਰ ਚੱਕਰ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਸਨਮਾਨ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੌਮਾਂਤਰੀ ਮਾਹਿਰ ਤੇ ਅਮਰੀਕੀ ਅਧਿਕਾਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਸ ਦਿਨ ਪਾਕਿਸਤਾਨ ਦਾ ਕੋਈ ਐਫ-16 ਨਹੀਂ ਡਿਗਿਆ। ਉਨ੍ਹਾਂ ਕਿਹਾ ਕਿ ਪਾਇਲਟ ਦੀ ਰਿਹਾਈ ‘ਇਸ ਗੱਲ ਦੀ ਗਵਾਹੀ ਸੀ ਕਿ ਭਾਰਤ ਦੇ ਹਮਲਾਵਰ ਰੁਖ਼ ਦੇ ਬਾਵਜੂਦ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ।’ ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ‘ਚ ਸੀਆਰਪੀਐਫ ਦੇ 40 ਜਵਾਨਾਂ ਦੀ ਸ਼ਹਾਦਤ ਮਗਰੋਂ ਭਾਰਤ ਨੇ 26 ਫਰਵਰੀ, 2019 ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਕੈਂਪਾਂ ਉਤੇ ਹੱਲਾ ਬੋਲਿਆ ਸੀ। -ਪੀਟੀਆਈ