ਸੰਸਦ ਵਿੱਚ ਕਾਨੂੰਨ ਰੱਦ ਹੋਣ ਤਕ ਡਟੇ ਰਹਿਣ ਕਿਸਾਨ: ਯੇਚੁਰੀ


ਗੁਰਿੰਦਰ ਸਿੰਘ

ਲੁਧਿਆਣਾ, 24 ਨਵੰਬਰ

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਸੰਸਦ ਵਿੱਚ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤਕ ਕਿਸਾਨਾਂ ਨੂੰ ਮੋਰਚਿਆਂ ‘ਤੇ ਡਟੇ ਰਹਿਣਾ ਚਾਹੀਦਾ ਹੈ। ਉਹ ਅੱਜ ਸੀਪੀਆਈ (ਐੱਮ) ਦੀ ਦੋ ਰੋਜ਼ਾ 23ਵੀਂ ਸੂਬਾ ਪੱਧਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਸਨ। ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਕੇ ਕਿਸਾਨਾਂ ‘ਤੇ ਕੋਈ ਮਿਹਰਬਾਨੀ ਨਹੀਂ ਕੀਤੀ ਬਲਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੀਆਂ ਉਪ ਚੋਣਾਂ ਵਿੱਚ ਭਾਜਪਾ ਦੀ ਜ਼ਬਰਦਸਤ ਹਾਰ ਮਗਰੋਂ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਪੀਆਈ (ਐੱਮ) ਕਿਸਾਨਾਂ ਦੀ ਐੱਮਐੱਸਪੀ ਸਬੰਧੀ ਕਾਨੂੰਨ ਦੀ ਮੰਗ ਸਬੰਧੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਹੋਏ ਭਰਪੂਰ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਬਾਰੇ ਮੋਦੀ ਦੇ ਐਲਾਨ ਉਪਰ ਭਰੋਸਾ ਨਹੀਂ ਕੀਤਾ ਜਾ ਸਕਦਾ।

ਇੱਕ ਸਵਾਲ ਦੇ ਜਵਾਬ ਵਿੱਚ ਯੇਚੁਰੀ ਨੇ ਕਿਹਾ ਕਿ ਸੰਸਦ ਦਾ ਇਹ ਸੈਸ਼ਨ ਕਿਵੇਂ ਦਾ ਹੋਵੇਗਾ, ਇਹ ਮੋਦੀ ਸਰਕਾਰ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸੀਪੀਆਈ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਸੰਸਦ ਵਿੱਚ ਚਰਚਾ ਕਰਨ ਲਈ ਤਿਆਰ ਹਨ ਪਰ ਸਰਕਾਰ ਇਹ ਚਰਚਾ ਹੋਣ ਦੇਵੇਗੀ ਜਾਂ ਨਹੀਂ, ਇਹ ਸੈਸ਼ਨ ਦੌਰਾਨ ਕੇਂਦਰ ਸਰਕਾਰ ਦੇ ਵਤੀਰੇ ‘ਤੇ ਨਿਰਭਰ ਕਰੇਗਾ। ਉਨ੍ਹਾਂ ਕਾਨਫਰੰਸ ਦੌਰਾਨ ਦੇਸ਼ ਤੇ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਰੌਸ਼ਨੀ ਪਾਉਂਦਿਆਂ ਕੇਂਦਰ ਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ‘ਤੇ ਪ੍ਰੋਗਰਾਮ ਤਿਆਰ ਕਰਨ ਲਈ ਕਿਹਾ। ਇਸ ਮੌਕੇ ਕਾਮਰੇਡ ਨਿਲੋਤਪਾਲ ਬਾਸੂ, ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਕਾਮਰੇਡ ਗੁਰਚੇਤਨ ਸਿੰਘ ਬਾਸੀ, ਡਾ ਗੁਰਵਿੰਦਰ ਸਿੰਘ, ਬੀਐੱਸ ਸ਼ਾਹੀ, ਸੁਖਵਿੰਦਰ ਸਿੰਘ ਲੋਟੇ ਤੇ ਹੋਰ ਹਾਜ਼ਰ ਸਨ।

ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ

ਪੰਜਾਬ ਵਿਧਾਨ ਸਭਾ ਦੀ ਚੋਣ ਵਿੱਚ ਸੀਪੀਆਈ (ਐਮ) ਦੀ ਰਣਨੀਤੀ ਬਾਰੇ ਪੁੱਛੇ ਜਾਣ ‘ਤੇ ਯੇਚੁਰੀ ਨੇ ਕਿਹਾ ਕਿ ਪੰਜਾਬ ਦੀਆਂ ਭਾਜਪਾ ਵਿਰੋਧੀ ਪਾਰਟੀਆਂ ਦਾ ਭਾਜਪਾ ਨੂੰ ਹਰਾਉਣਾ ਹੀ ਇੱਕੋ-ਇੱਕ ਨਿਸ਼ਾਨਾ ਹੋਣਾ ਚਾਹੀਦਾ ਹੈ। ਕਾਂਗਰਸ ਨਾਲ ਗੱਠਜੋੜ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਹਾਲੇ ਚੋਣਾਂ ਵਿੱਚ ਕਾਫ਼ੀ ਸਮਾਂ ਹੈ। ਉਹ ਸੂਬਾ ਅਤੇ ਰਾਸ਼ਟਰੀ ਪੱਧਰ ‘ਤੇ ਇਹ ਵਿਚਾਰ-ਵਟਾਂਦਰਾ ਕਰ ਰਹੇ ਹਨ ਕਿ ਭਾਜਪਾ ਨੂੰ ਸੱਤਾ ਤੋਂ ਕਿਵੇਂ ਦੂਰ ਰੱਖਿਆ ਜਾ ਸਕਦਾ ਹੈ।Source link