ਚੰਡੀਗੜ੍ਹ, 25 ਨਵੰਬਰ
ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਜੇਕਰ ਹੋਰ ਪਾਰਟੀਆਂ ਵੀ ਭਾਜਪਾ ਵਾਂਗ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਲਈ ‘ਪੈਸਿਆਂ ਦੀ ਤਾਕਤ’ ਦੀ ਵਰਤੋਂ ਕਰਨਗੀਆਂ ਤਾਂ ਉਨ੍ਹਾਂ ਦੀ ਸਿਆਸਤ ਉਸ ਨਾਲੋਂ ਵੱਖਰੀ ਕਿਵੇਂ ਹੋਈ। ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਮੇਘਾਲਿਆ ‘ਚ ਕਾਂਗਰਸ ਦੇ 12 ਵਿਧਾਇਕ ਪਾਰਟੀ ਛੱਡ ਕੇ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਸੀਨੀਅਰ ਪਾਰਟੀ ਆਗੂ ਅਧੀਰ ਰੰਜਨ ਚੌਧਰੀ ਦੇ ਬਿਆਨ ‘ਤੇ ਸੁਰਜੇਵਾਲਾ ਨੇ ਇਹ ਟਿੱਪਣੀ ਕੀਤੀ ਹੈ ਜਿਨ੍ਹਾਂ ਕਿਹਾ ਸੀ ਕਿ ਕਾਂਗਰਸ ਨੂੰ ਨਾ ਸਿਰਫ਼ ਮੇਘਾਲਿਆ ਸਗੋਂ ਪੂਰੇ ਉੱਤਰ-ਪੂਰਬ ‘ਚ ਤੋੜਨ ਦੀ ਸਾਜ਼ਿਸ਼ ਘੜੀ ਗਈ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਰਜੇਵਾਲਾ ਨੇ ਕਿਹਾ,”ਲੋਕਤੰਤਰ ‘ਚ ਤੁਹਾਨੂੰ ਚੁਣਨ ਲਈ ਲੋਕ ਵੋਟਾਂ ਪਾਉਂਦੇ ਹਨ। ਲੋਕਾਂ ਦੀਆਂ ਵੋਟਾਂ ਨਾਲ ਇਹ ਧੋਖਾਧੜੀ ਹੈ ਅਤੇ ਇਹ ਲੋਕਤੰਤਰ ਦੀ ਹੱਤਿਆ ਤੋਂ ਇਲਾਵਾ ਕੁਝ ਹੋਰ ਨਹੀਂ ਹੈ। ਹਰ ਕੋਈ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਦੋਸ਼ ਦਿੰਦਾ ਹੈ ਕਿਉਂਕਿ ਮੋਦੀ ਬੈਲੇਟ ਦੀ ਤਾਕਤ ‘ਚ ਯਕੀਨ ਨਹੀਂ ਰੱਖਦੇ ਹਨ।” ਕਾਂਗਰਸ ਦੇ ਮੁੱਖ ਤਰਜਮਾਨ ਨੇ ਕਿਹਾ ਕਿ ਭਾਜਪਾ ਨੇ ਕਰਨਾਟਕ, ਗੋਆ, ਮੱਧ ਪ੍ਰਦੇਸ਼, ਉੱਤਰਾਖੰਡ ‘ਚ ਪੈਸੇ ਦੀ ਤਾਕਤ ‘ਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗ ਦਿੱਤਾ ਸੀ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ‘ਚ ਵੀ ਸਰਕਾਰ ਡੇਗੀ ਗਈ ਜਿਥੇ ਪ੍ਰਾਈਵੇਟ ਹੋਟਲ ‘ਚ ਵਿਧਾਨ ਸਭਾ ਜੁੜੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਅਜਿਹੀਆਂ ਕੋਸ਼ਿਸ਼ਾਂ ਮੇਘਾਲਿਆ ‘ਚ ਕੀਤੀਆਂ ਗਈਆਂ ਹਨ। ਗੋਆ ਦਾ ਜ਼ਿਕਰ ਕਰਦਿਆਂ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਉਥੇ ਅਗਾਮੀ ਵਿਧਾਨ ਸਭਾ ਚੋਣਾਂ ਹਾਰਨ ਜਾ ਰਹੀ ਹੈ ਅਤੇ ਕਾਂਗਰਸ ਅਗਲੀ ਸਰਕਾਰ ਬਣਾਏਗੀ ਪਰ ਟੀਐੱਮਸੀ ਅਤੇ ‘ਆਪ’ ਜਾਣਬੁੱਝ ਕੇ ਉਥੇ ਆਪਣੀ ਤਾਕਤ ਦਿਖਾ ਕੇ ਕਾਂਗਰਸ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਹਰ ਵਾਰੀ ਖੇਤਰੀ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਐੱਨਫੋਰਸਮੈਂਟ ਡਾਇਰੈਕਟੋਰੇਟ ਕਿਉਂ ਸੱਦਦਾ ਹੈ? ਉਨ੍ਹਾਂ ਕਿਹਾ ਕਿ ਇਨ੍ਹਾਂ ‘ਚੋਂ ਕੁਝ ਪਾਰਟੀਆਂ ਵੱਖ ਵੱਖ ਸੂਬਿਆਂ ‘ਚ ਜਾ ਕੇ ਕਾਂਗਰਸ ਖ਼ਿਲਾਫ਼ ਮੈਦਾਨ ‘ਚ ਉਤਰਦੀਆਂ ਹਨ ਤਾਂ ਜੋ ਭਾਜਪਾ ਖ਼ਿਲਾਫ਼ ਜੰਗ ਹੋਰ ਕਮਜ਼ੋਰ ਹੋ ਸਕੇ। -ਪੀਟੀਆਈ