ਮਹਾਰਾਸ਼ਟਰ ਵਿੱਚ 26/11 ਮੁੰਬਈ ਹਮਲੇ ਦੀ ਬਰਸੀ ਮਨਾਈ

ਮਹਾਰਾਸ਼ਟਰ ਵਿੱਚ 26/11 ਮੁੰਬਈ ਹਮਲੇ ਦੀ ਬਰਸੀ ਮਨਾਈ


ਮੁੰਬਈ, 26 ਨਵੰਬਰ

ਮੁੰਬਈ ‘ਚ 26 ਨਵੰਬਰ 2008 ਨੂੰ ਹੋਏ ਹਮਲੇ ‘ਚ ਅਤਿਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ, ਰਾਜ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਤੇ ਰਾਜ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਦੱਖਣੀ ਮੁੰਬਈ ਸਥਿਤ ਪੁਲੀਸ ਹੈੱਡ ਕੁਆਰਟਰ ‘ਚ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕੀਤੀ।

ਇੱਕ ਅਧਿਕਾਰੀ ਨੇ ਦੱਸਿਆ ਕਿ ‘ਕੋਸਟਲ ਰੋਡ’ ਪ੍ਰਾਜੈਕਟ ‘ਤੇ ਕੰਮ ਜਾਰੀ ਰਹਿਣ ਕਾਰਨ ਸ਼ਹੀਦਾਂ ਦੇ ਸਮਾਰਕ ਮੈਰੀਨ ਡਰਾਈਵ ‘ਚ ਪੁਲੀਸ ਜਿਮਖਾਨਾ ‘ਤੇ ਉਸ ਦੀ ਮੂਲ ਥਾਂ ਤੋਂ ਕ੍ਰਾਫਰਡ ਮਾਰਕੀਟ ਸਥਿਤ ਪੁਲੀਸ ਹੈਡਕੁਆਰਟਰ ਤਬਦੀਲ ਕਰ ਦਿੱਤਾ ਗਿਆ ਹੈ। ਰੀੜ੍ਹ ਦੀ ਹੱਡੀ ਦੀ ਸਰਜਰੀ ਮਗਰੋਂ ਮੁੰਬਈ ਦੇ ਇੱਕ ਹਸਪਤਾਲ ਤੋਂ ਹੀ ਮੁੱਖ ਮੰਤਰੀ ਊਧਵ ਠਾਕਰੇ ਨੇ 26/11 ਦੇ ਸ਼ਹੀਦਾਂ ਨੂੰ ਯਾਦ ਕੀਤਾ। ਠਾਕਰੇ ਨੇ ਟਵੀਟ ਕੀਤਾ ਕਿ ਅਤਿਵਾਦੀ ਹਮਲਾ ਅਤਿਵਾਦੀਆਂ ਦੀ ਬੁਜ਼ਦਿਲਾਨਾ ਮਾਨਸਿਕਤਾ ਦੀ ਸਪੱਸ਼ਟ ਮਿਸਾਲ ਹੈ। ਇਸ ਅਤਿਵਾਦੀ ਹਮਲੇ ਦੀ 13ਵੀਂ ਬਰਸੀ ਮੌਕੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਘੱਟ ਗਿਣਤੀ ‘ਚ ਲੋਕ ਇਕੱਠੇ ਹੋਏ। ਕੁਝ ਸ਼ਹੀਦ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਵੀ ਸਮਾਰਕ ‘ਤੇ ਸ਼ਰਧਾਂਜਲੀ ਦਿੱਤੀ। ਗੇਟਵੇਅ ਆਫ ਇੰਡੀਆ ‘ਤੇ ਡਿਊਟੀ ‘ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਲੋਕਾਂ ਨੇ ਅੱਜ ਫੁੱਲ ਦਿੱਤੇ। ਮੁੰਬਈ ਪੁਲੀਸ ਦੇ ਕਮਿਸ਼ਨਰ ਹੇਮੰਤ ਨਾਗਰਾਲੇ ਨੇ ਮਹਾਰਾਸ਼ਟਰ ਡੀਜੀਪੀ ਸੰਜੈ ਪਾਂਡੇ ਨਾਲ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕੀਤੀ।

ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਲਸ਼ਕਰ-ਏ-ਤਾਇਬਾ ਦੇ ਅਤਿਵਾਦੀਆਂ ਨੇ ਮੁੰਬਈ ‘ਤੇ ਹਮਲਾ ਕੀਤਾ ਸੀ। ਕਰੀਬ 60 ਘੰਟੇ ਤੱਕ ਅਤਿਵਾਦੀਆਂ ਖ਼ਿਲਾਫ਼ ਚੱਲੀ ਕਾਰਵਾਈ ਦੌਰਾਨ 166 ਲੋਕਾਂ ਦੀ ਮੌਤ ਹੋਈ ਸੀ ਤੇ ਕਈ ਹੋਰ ਜ਼ਖ਼ਮੀ ਹੋਏ ਸਨ। ਮਾਰੇ ਗਏ ਲੋਕਾਂ ‘ਚ ਸ਼ਹੀਦ ਹੋਏ 18 ਸੁਰੱਖਿਆ ਮੁਲਾਜ਼ਮ ਵੀ ਸ਼ਾਮਲ ਹਨ। ਸੁਰੱਖਿਆ ਬਲਾਂ ਨੇ ਨੌਂ ਅਤਿਵਾਦੀਆਂ ਨੂੰ ਮਾਰ ਮੁਕਾਇਆ ਸੀ। ਅਜ਼ਮਲ ਕਸਾਬ ਇਕਲੌਤਾ ਅਤਿਵਾਦੀ ਸੀ ਜਿਸ ਨੂੰ ਜਿਊਂਦਾ ਫੜਿਆ ਗਿਆ ਸੀ। ਉਸ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ। -ਪੀਟੀਆਈ

ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ 26/11 ਹਮਲੇ ਦੇ ਸ਼ਹੀਦਾਂ ਨੂੰ ਯਾਦ ਕੀਤਾ

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 26/11 ਮੁੰਬਈ ਹਮਲਿਆਂ ‘ਚ ਮਾਰੇ ਗਏ ਲੋਕਾਂ ਤੇ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਨੂੰ ਅੱਜ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਦੇਸ਼ ਉਨ੍ਹਾਂ ਸੁਰੱਖਿਆ ਕਰਮੀਆਂ ਦਾ ਹਮੇਸ਼ਾ ਅਹਿਸਾਨਮੰਦ ਰਹੇਗਾ ਜਿਨ੍ਹਾਂ ਦੇਸ਼ ਦੀ ਸੇਵਾ ਕਰਦਿਆਂ ਆਪਣੀ ਜਾਨ ਦੇ ਦਿੱਤੀ। ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕੀਤਾ, ’26/11 ਮੁੰਬਈ ਹਮਲਿਆਂ ਦੇ ਸ਼ਹੀਦਾਂ ਤੇ ਮ੍ਰਿਤਕਾਂ ਨੂੰ ਮੇਰੀ ਸ਼ਰਧਾਂਜਲੀ। ਦੇਸ਼ ਸੁਰੱਖਿਆ ਬਲਾਂ ਦੀ ਬਹਾਦੁਰੀ ਤੇ ਬਲਿਦਾਨ ਨੂੰ ਹਮੇਸ਼ਾ ਯਾਦ ਰੱਖੇਗਾ ਜਿਨ੍ਹਾਂ ਦੇਸ਼ ਦੀ ਸੇਵਾ ਕਰਦਿਆਂ ਆਪਣੀ ਜਾਨ ਗੁਆਈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁੰਬਈ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ 26/11 ਉਨ੍ਹਾਂ ਲਈ ਦੁੱਖ ਭਰਿਆ ਦਿਨ ਹੈ ਕਿਉਂਕਿ ਇਸ ਦਿਨ ਦੇਸ਼ ਦੇ ਦੁਸ਼ਮਣਾਂ ਨੇ ਮੁੰਬਈ ‘ਚ ਅਤਿਵਾਦੀ ਹਮਲਾ ਕੀਤਾ ਸੀ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਤਿਵਾਦੀਆਂ ਨਾਲ ਲੜਨ ਤੇ ਸ਼ਹੀਦ ਹੋਣ ਵਾਲੇ ਸੁਰੱਖਿਆ ਮੁਲਾਜ਼ਮਾਂ ਨੂੰ ਸਲਾਮ ਕੀਤਾ। -ਪੀਟੀਆਈ

ਰਾਹੁਲ ਵੱਲੋਂ ਮੁੰਬਈ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 26 ਨਵੰਬਰ 2008 ਨੂੰ ਮੁੰਬਈ ‘ਚ ਹੋਏ ਅਤਿਵਾਦੀ ਹਮਲੇ ‘ਚ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਟਵੀਟ ਕੀਤਾ, ‘ਸਰਹੱਦ ‘ਤੇ ਸਖਤ ਮੌਸਮ ‘ਚ ਪਰਿਵਾਰ ਤੋਂ ਦੂਰ ਰਹਿ ਕੇ ਦੇਸ਼ ਦੀ ਰਾਖੀ ਕਰਦਾ ਹੈ। ਅਤਿਵਾਦੀ ਹਮਲੇ ‘ਚ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮਾਸੂਮ ਲੋਕਾਂ ਨੂੰ ਬਚਾਉਂਦਾ ਹੈ, ਜਾਨ ਦੀ ਨਹੀਂ ਜਹਾਨ ਦੀ ਫਿਕਰ ਕਰਦਾ ਹੈ। ਪਰਿਵਾਰ ਦੀ, ਪਿੰਡ ਦੀ, ਦੇਸ਼ ਦੀ ਸ਼ਾਨ ਹੈ, ਅਜਿਹਾ ਮੇਰੇ ਦੇਸ਼ ਦਾ ਜਵਾਨ ਹੈ।’ ਕਾਂਗਰਸ ਆਗੂ ਨੇ ਕਿਹਾ, ’26/11 ਦੇ ਨਾਇਕਾਂ ਨੂੰ ਸਲਾਮ। ਜੈ ਹਿੰਦ!’ -ਪੀਟੀਆਈ



Source link