ਆਸਟਰੇਲੀਆ, ਜਰਮਨੀ ਤੇ ਇੰਗਲੈਂਡ ਵਿੱਚ ਓਮੀਕਰੋਨ ਦੇ ਮਰੀਜ਼ ਮਿਲੇ


ਗੁਰਚਰਨ ਸਿੰਘ ਕਾਹਲੋਂ

ਸਿਡਨੀ, 27 ਨਵੰਬਰ

ਆਸਟਰੇਲੀਆ, ਜਰਮਨੀ ਅਤੇ ਇੰਗਲੈਂਡ ‘ਚ ਕਰੋਨਾਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਕੇਸ ਮਿਲੇ ਹਨ। ਇੰਗਲੈਂਡ ‘ਚ ਦੋ ਅਤੇ ਆਸਟਰੇਲੀਆ ਤੇ ਜਰਮਨੀ ‘ਚ ਇਕ-ਇਕ ਵਿਅਕਤੀ ‘ਚ ਨਵੀਂ ਲਾਗ ਦੇ ਲੱਛਣ ਪਾਏ ਗਏ ਹਨ। ਆਸਟਰੇਲੀਆ ਨੇ ਅੱਜ ਦੱਖਣੀ ਅਫ਼ਰੀਕਾ ਸਮੇਤ 9 ਦੇਸ਼ਾਂ ਦੀਆਂ ਹਵਾਈ ਉਡਾਨਾਂ ‘ਤੇ ਅਣਮਿੱਥੇ ਸਮੇਂ ਲਈ ਰੋਕ ਲਾ ਦਿੱਤੀ ਹੈ। ਦੱਖਣੀ ਅਫ਼ਰੀਕਾ ਤੋਂ ਆਸਟਰੇਲੀਆ ਆਏ 19 ਹੋਰ ਵਿਅਕਤੀਆਂ ਦਾ ਭਾਵੇਂ ਮੁੱਢਲਾ ਟੈਸਟ ਨੈਗੇਟਿਵ ਆਇਆ ਹੈ ਪਰ ਇਹਤਿਆਤ ਵਜੋਂ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਇਕਾਂਤਵਾਸ ‘ਚ ਰੱਖਿਆ ਗਿਆ ਹੈ।

ਓਮੀਕਰੋਨ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ਵਿੱਚ 9 ਨਵੰਬਰ ਨੂੰ ਪਾਇਆ ਗਿਆ ਸੀ। ਵਾਇਰਸ ਦੇ ਬੋਤਸਵਾਨਾ, ਹਾਂਗਕਾਂਗ, ਇਜ਼ਰਾਈਲ ਅਤੇ ਬੈਲਜੀਅਮ ਵਿੱਚ ਵੀ ਕੇਸ ਮਿਲੇ ਹਨ। ਯੂਰੋਪ, ਬ੍ਰਿਟੇਨ, ਅਮਰੀਕਾ, ਇਜ਼ਰਾਈਲ ਅਤੇ ਸ੍ਰੀਲੰਕਾ ਸਮੇਤ ਹੋਰ ਮੁਲਕਾਂ ਨੇ ਵੀ ਯਾਤਰਾ ‘ਤੇ ਪਾਬੰਦੀਆਂ ਲਾਗੂ ਕੀਤੀਆਂ ਹਨ।

ਬੰਗਲੂਰੂ ‘ਚ ਦੱਖਣੀ ਅਫ਼ਰੀਕਾ ਦੇ ਕਰੋਨਾ ਤੋਂ ਪੀੜਤ ਦੋ ਨਾਗਰਿਕ ਮਿਲੇ

ਬੰਗਲੂਰੂ: ਇਥੋਂ ਦੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ‘ਤੇ ਦੱਖਣੀ ਅਫ਼ਰੀਕਾ ਦੇ ਦੋ ਨਾਗਰਿਕ ਕੋਵਿਡ-19 ਤੋਂ ਪੀੜਤ ਮਿਲੇ ਹਨ। ਜਿਵੇਂ ਹੀ ਦੋਹਾਂ ਦੇ ਕਰੋਨਾ ਤੋਂ ਪੀੜਤ ਹੋਣ ਦਾ ਪਤਾ ਲੱਗਾ ਤਾਂ ਘਾਤਕ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੂੰ ਲੈ ਕੇ ਸਿਹਤ ਅਧਿਕਾਰੀਆਂ ‘ਚ ਹਫ਼ੜਾ-ਦਫ਼ੜੀ ਫੈਲ ਗਈ। ਬੰਗਲੂਰੂ ਦਿਹਾਤੀ ਦੇ ਡਿਪਟੀ ਕਮਿਸ਼ਨਰ ਕੇ ਸ੍ਰੀਨਿਵਾਸ ਨੇ ਅੱਜ ਕਿਹਾ ਕਿ ਦੋਵੇਂ ਵਿਅਕਤੀਆਂ ਦੇ ਹੋਰ ਟੈਸਟ ਕੀਤੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਉਨ੍ਹਾਂ ‘ਚ ਓਮੀਕਰੋਨ ਦੇ ਲੱਛਣ ਹਨ ਜਾਂ ਨਹੀਂ। ਸਿਹਤ ਸਕੱਤਰ ਟੀਕੇ ਅਨਿਲ ਕੁਮਾਰ ਨੇ ਕਿਹਾ ਦੋਵੇਂ ਸੈਂਪਲ ਡੈਲਟਾ ਰੂਪ ਦੇ ਹਨ ਅਤੇ ਓਮੀਕਰੋਨ ਦੇ ਨਹੀਂ ਹਨ। ਹੁਣ ਤੱਕ 10 ਮੁਲਕਾਂ ‘ਚੋਂ 584 ਵਿਅਕਤੀ ਇਥੇ ਆਏ ਹਨ। -ਆਈਏਐਨਐਸ

ਦੱਖਣ-ਪੂਰਬੀ ਏਸ਼ਿਆਈ ਮੁਲਕ ਚੌਕਸ ਰਹਿਣ: ਡਬਲਿਊਐੱਚਓ

ਨਵੀਂ ਦਿੱਲੀ: ਕਰੋਨਾਵਾਇਰਸ ਦੇ ਨਵੇਂ ਸਰੂਪ ਦਾ ਪਤਾ ਲੱਗਣ ਅਤੇ ਕੇਸਾਂ ‘ਚ ਵਾਧੇ ਕਾਰਨ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਦੱਖਣ-ਪੂਰਬੀ ਏਸ਼ਿਆਈ ਖ਼ਿੱਤੇ ਦੇ ਮੁਲਕਾਂ ਨੂੰ ਕਿਹਾ ਹੈ ਕਿ ਉਹ ਨਿਗਰਾਨੀ ਵਧਾਉਣ, ਜਨਸਿਹਤ ਨੂੰ ਮਜ਼ਬੂਤ ਬਣਾਉਣ, ਸਮਾਜਿਕ ਉਪਰਾਲੇ ਕਰਨ ਅਤੇ ਵੈਕਸੀਨੇਸ਼ਨ ਕਵਰੇਜ ਵਧਾਉਣ ਵੱਲ ਧਿਆਨ ਦੇਣ। ਸੰਸਥਾ ਨੇ ਕਿਹਾ ਕਿ ਤਿਉਹਾਰਾਂ ਤੇ ਜਸ਼ਨਾਂ ਦੌਰਾਨ ਸਾਰੇ ਇਹਤਿਆਤੀ ਕਦਮ ਉਠਾਏ ਜਾਣ ਤੇ ਭੀੜ ਅਤੇ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਡਬਲਿਊਐੱਚਓ ਦੀ ਦੱਖਣ-ਪੂਰਬੀ ਏਸ਼ੀਆ ਖ਼ਿੱਤੇ ਦੀ ਖੇਤਰੀ ਡਾਇਰੈਕਟਰ ਡਾਕਟਰ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਲੋਕਾਂ ਨੂੰ ਢਿੱਲੇ ਨਹੀਂ ਪੈਣਾ ਚਾਹੀਦਾ ਹੈ। ਉਨ੍ਹਾਂ ਬਿਆਨ ‘ਚ ਕਿਹਾ ਕਿ ਖ਼ਿੱਤੇ ਦੇ ਜ਼ਿਆਦਾਤਰ ਮੁਲਕਾਂ ‘ਚ ਕੋਵਿਡ-19 ਦੇ ਕੇਸ ਭਾਵੇਂ ਲਗਾਤਾਰ ਘੱਟ ਰਹੇ ਹਨ ਪਰ ਦੁਨੀਆ ‘ਚ ਹੋਰ ਥਾਵਾਂ ‘ਤੇ ਕੇਸਾਂ ‘ਚ ਵਾਧਾ ਅਤੇ ਨਵਾਂ ਸਰੂਪ ਚਿੰਤਾ ਦਾ ਵਿਸ਼ਾ ਹੈ। -ਪੀਟੀਆਈSource link