ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 27 ਨਵੰਬਰ
ਚੀਨ ਦੀ ਸਰਕਾਰੀ ਗਲੋਬਲ ਟੈਲੀਵਿਜ਼ਨ ਨੈਟਵਰਕ (ਸੀਜੀਟੀਐੱਨ) ਨੇ ਪੇਈਚਿੰਗ ਡੈਕਸਿੰਗ ਕੌਮਾਂਤਰੀ ਹਵਾਈ ਅੱਡੇ ਦੀ ਤਸਵੀਰ ਨੂੰ ਨੋਇਡਾ ‘ਚ ਬਣਨ ਵਾਲੇ ਜੇਵਰ ਹਵਾਈ ਅੱਡੇ ਦੇ ਮਾਡਲ ਵਜੋਂ ਦਿਖਾਏ ਜਾਣ ‘ਤੇ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਤੇ ਮੰਤਰੀਆਂ ਨੂੰ ਸਵਾਲ ਕੀਤਾ ਹੈ। ਚੀਨ ਦੀ ਇਹ ਪ੍ਰਤੀਕਿਰਿਆ ਭਾਜਪਾ ਵੱਲੋਂ ਦੱਖਣੀ ਕੋਰੀਆ ਦੇ ਇੰਚਿਓਨ ਕੌਮਾਂਤਰੀ ਹਵਾਈ ਅੱਡੇ ਦੀ ਤਸਵੀਰ ਨੂੰ ਜੇਵਰ ਹਵਾਈ ਅੱਡੇ ਦੇ ਮਾਡਲ ਵਜੋਂ ਵਰਤੇ ਜਾਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਈ ਹੈ। ਸੀਜੀਟੀਐੱਨ ਦੀ ਮੁਲਾਜ਼ਮ ਸ਼ੇਨ ਸ਼ਿਵੇਈ ਨੇ ਲੰਘੀ ਰਾਤ ਟਵੀਟ ਕੀਤਾ, ‘ਜਾਣ ਕੇ ਹੈਰਾਨੀ ਹੋਈ ਕਿ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਚੀਨ ਦੇ ਪੇਈਚਿੰਗ ਡੈਕਸਿੰਗ ਕੌਮਾਂਤਰੀ ਹਵਾਈ ਅੱਡੇ ਦੀਆਂ ਤਸਵੀਰਾਂ ਆਪਣੇ ਬੁਨਿਆਦੀ ਢਾਂਚੇ ਦੀਆਂ ਪ੍ਰਾਪਤੀਆਂ ਵਜੋਂ ਵਰਤੀਆਂ ਹਨ।’ ਉਸ ਨੇ ਉਹੀ ਤਸਵੀਰ ਪੋਸਟ ਕਰਦਿਆਂ ਇੱਕ ਹੋਰ ਟਵੀਟ ਕੀਤਾ, ‘ਚੀਨ ਦੇ ਪੇਈਚਿੰਗ ਡੈਕਸਿੰਗ ਕੌਮਾਂਤਰੀ ਹਵਾਈ ‘ਤੇ ਸਵਾਗਤ ਹੈ। 17.47 ਬਿਲੀਅਨ ਡਾਲਰ ਦਾ ਵੱਡਾ ਪ੍ਰਾਜੈਕਟ।’ ਉਸ ਨੇ ਨਾਲ ਹੀ ਇਕ ਲੇਖ ਸਾਂਝਾ ਕਰਦਿਆਂ ਕਿਹਾ ਕਿ ਇਹ ਤਸਵੀਰਾਂ ਪੇਈਚਿੰਗ ਹਵਾਈ ਅੱਡੇ ਦੀਆਂ ਹਨ ਨਾ ਕਿ ਜੇਵਰ ਹਵਾਈ ਅੱਡੇ ਦਾ ਡਿਜ਼ਾਈਨ। ਇਹੀ ਤਸਵੀਰ 2019 ‘ਚ ‘ਦਿ ਗਾਰਡੀਅਨ’ ਨੇ ਚੀਨ ਬਾਰੇ ਲੇਖ ਲਿਖਣ ਸਮੇਂ ਵਰਤੀ ਸੀ।