ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਨਵੰਬਰ
ਇਥੋਂ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਹੜਤਾਲ ‘ਤੇ ਬੈਠੇ ਸਮੂਹ ਐੱਨ.ਐੱਚ.ਐੱਮ ਮੁਲਾਜ਼ਮਾਂ ਅਤੇ ਆਸ਼ਾ ਵਰਕਰਾਂ ਨੇ ਸਰਕਾਰ ਦੇ ਮੁਲਾਜ਼ਮ ਪ੍ਰਤੀ ਅਪਣਾਏ ਅੜੀਅਲ ਰਵੱਈਏ ਵਿਰੁੱਧ ਅੱਜ ਰੋਹ ਭਰਪੂਰ ਵਿਸ਼ਾਲ ਰੋਸ ਰੈਲੀ ਕੱਢਦਿਆਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਐੱਨਐੱਚਐੱਮ ਮੁਲਾਜ਼ਮ ਐਸੋਸੀਏਸ਼ਨ ਦੇ ਸੂਬਾ ਆਗੂ ਅਮਨਪ੍ਰੀਤ ਸਿੰਘ ਨੇ ਕਿਹਾ ਕਿ 16 ਨਵੰਬਰ ਤੋਂ ਲਗਾਤਰ ਮੁਲਾਜ਼ਮ ਹੜਤਾਲ ‘ਤੇ ਹਨ, ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਲਈ ਮੁਲਾਜ਼ਮਾਂ ਨੇ ਸੜਕ ‘ਤੇ ਉਤਰਨ ਦਾ ਫ਼ੈਸਲਾ ਕੀਤਾ। ਗਗਨਦੀਪ ਕੌਰ ਅਤੇ ਡਾ. ਸ਼ਿਵਰਾਜ ਨੇ ਚਿਤਾਵਨੀ ਦਿੱਤੀ ਕਿ ਜੇ ਮੁਲਾਜ਼ਮਾਂ ਦੀਆਂ ਮੰਗਾਂ ਫੌਰੀ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਅੰਮ੍ਰਿਤਪਾਲ ਕੌਰ ਅਤੇ ਰੁਪਿੰਦਰ ਕੌਰ ਨੇ ਕਿਹਾ ਕਿ ਸਰਕਾਰ ਹਰੇਕ ਵਾਰ ਝੂਠੇ ਲਾਰੇ ਲਾ ਕੇ ਸਿਹਤ ਮੁਲਾਜ਼ਮਾਂ ਤੋਂ ਕੰਮ ਕਢਵਾ ਲੈਂਦੀ ਹੈ। ਜਸਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਹਸਪਤਾਲ ਦਾ ਟੀ.ਬੀ ਡਿਪਾਰਟਮੈਂਟ ਮੁਕੰਮਲ ਬੰਦ ਕੀਤਾ ਗਿਆ ਹੈ।