ਚੰਡੀਗੜ੍ਹ, 29 ਨਵੰਬਰ
ਦੱਖਣੀ ਅਫਰੀਕਾ ਤੋਂ ਪਰਤੇ ਚੰਡੀਗੜ੍ਹ ਵਾਸੀ 39 ਸਾਲ ਦੇ ਇੱੱਕ ਵਿਅਕਤੀ ਨੂੰ ਘਰ ਵਿੱਚ ਇਕਾਂਤਵਾਸ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇੱਥੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਨ੍ਹਾਂ ‘ਅਫਵਾਹਾਂ’ ਨੂੰ ਰੱਦ ਕੀਤਾ ਕਿ ਸ਼ਹਿਰ ਵਿੱਚ ਕੋਈ ਵਿਅਕਤੀ ਕਰੋਨਾ ਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਤੋਂ ਪੀੜਤ ਹੈ। ਅਧਿਕਾਰੀਆਂ ਨੇ ਬਿਆਨ ਵਿੱਚ ਕਿਹਾ, ”ਸੈਕਟਰ 36 ਵਾਸੀ 39 ਸਾਲਾ ਇੱਕ ਪੁਰਸ਼ 21 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਪਰਤਿਆ ਸੀ। ਹਵਾਈ ਅੱਡੇ ‘ਤੇ ਪਹੁੰਚਣ ਮੌਕੇ ਉਸ ਦੀ ਆਰਟੀ-ਪੀਸੀਆਰ ਨੈਗੇਟਿਵ ਸੀ। ਚੰਡੀਗੜ੍ਹ ਪਹੁੰਚਣ ‘ਤੇ ਉਸ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ।” ਬਿਆਨ ਮੁਤਾਬਕ, ਇਸ ਵਿਅਕਤੀ ਦੀ 29 ਨਵੰਬਰ ਨੂੰ ਇੱਕ ਹੋਰ ਆਰਟੀ-ਪੀਸੀਆਰ ਜਾਂਚ ਕੀਤੀ ਗਈ ਹੈ। ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਸਾਹਮਣੇ ਆਈ ਨਵੀਂ ਕਿਸਮ ਬੀ.1.1.529 (ਓਮੀਕਰੋਨ) ਨੂੰ ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਨੇ ਖ਼ਤਰਨਾਕ ਵਾਇਰਸਾਂ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਕਰੋਨਾ ਵਾਇਰਸ ਦੀ ਨਵੀਂ ਕਿਸਮ ਕਾਰਨ ਪੈਦਾ ਹੋਈ ਫ਼ਿਕਰਮੰਦੀ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਵਿਦੇਸ਼ ਤੋਂ ਪਰਤਣ ਵਾਲੇ ਲੋਕਾਂ ਦੀ ਨਿਗਰਾਨੀ ਵਧਾ ਦਿੱਤੀ ਹੈ।