ਨਵੀਂ ਦਿੱਲੀ, 29 ਨਵੰਬਰ
ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਅੱਜ ਕਿਹਾ ਕਿ ਭਾਰਤ ਵਿੱਚ ਅਜੇ ਤੱਕ ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਵਿਸ਼ਵ ਸਿਹਤ ਸੰਸਥਾ ਵੱਲੋਂ ‘ਫਿਕਰਮੰਦੀ ਵਾਲੀ ਕਿਸਮ’ ਵਜੋਂ ਨਾਮਜ਼ਦ ਬੀ.1.1.529 ਕੋਵਿਡ ਕਿਸਮ ਜਾਂ ਓਮੀਕਰੋਨ ਦਾ ਪਹਿਲਾ ਕੇਸ ਪਿਛਲੇ ਹਫ਼ਤੇ ਦੱਖਣੀ ਅਫ਼ਰੀਕਾ ਵਿੱਚ ਨਜ਼ਰ ਆਇਆ ਸੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਵਿੱਚ ਅਜੇ ਤਕ ਨਵੇਂ ਓਮੀਕਰੋਨ ਕਿਸਮ ਦਾ ਕੋਈ ਕੇਸ ਰਿਪੋਰਟ ਨਹੀਂ ਹੋਇਆ ਤੇ ਭਾਰਤੀ ਸਾਰਸ-ਕੋਵ-2 ਜੀਨੋਮਿਕ ਕੰਸੋਰਟੀਆ ਇਨਸਾਕੋਗ ਵੱਲੋਂ ਬਹੁਤ ਨੇੜਿਓਂ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਕੌਮਾਂਤਰੀ ਯਾਤਰੀਆਂ ਦੇ ਪਾਜ਼ੇਟਿਵ ਨਮੂਨਿਆਂ ਦਾ ਤੇਜ਼ੀ ਨਾਲ ਜੀਨੋਮਿਕ ਮੁਲਾਂਕਣ ਕੀਤਾ ਜਾ ਰਿਹਾ ਹੈ। ਲੰਘੇ ਦਿਨ ਕੌਮਾਂਤਰੀ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਮਗਰੋਂ ਸਰਕਾਰ ਨੇ ਕੌਮਾਂਤਰੀ ਉਡਾਣਾਂ ਜਾਰੀ ਰੱਖਣ ਦੇ ਫੈਸਲੇ ‘ਤੇ ਨਜ਼ਰਸਾਨੀ ਦਾ ਫੈਸਲਾ ਕੀਤਾ ਹੈ। ਕਰੋਨਾ ਦੇ ਇਸ ਨਵੇਂ ਸਰੂਪ ਕਰਕੇ ਜਿਨ੍ਹਾਂ ਮੁਲਕਾਂ ਨੂੰ ‘ਜੋਖ਼ਮ’ ਵਾਲੀ ਸੂਚੀ ‘ਚ ਰੱਖਿਆ ਗਿਆ ਹੈ, ਉਨ੍ਹਾਂ ਵਿੱਚ ਯੂਰੋਪੀਅਨ ਮੁਲਕ, ਯੂਕੇ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮੌਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਤੇ ਇਜ਼ਰਾਈਲ ਸ਼ਾਮਲ ਹਨ। -ਪੀਟੀਆਈ
ਕੌਮਾਂਤਰੀ ਯਾਤਰੀਆਂ ਦੀ ਕਰੋਨਾ ਟੈਸਟਿੰਗ ਵਧਾਉਣ ਦਾ ਫ਼ੈਸਲਾ
ਨਵੀਂ ਦਿੱਲੀ: ਕਰੋਨਾਵਾਇਰਸ ਦੀ ਨਵੀਂ ਕਿਸਮ ‘ਓਮੀਕਰੋਨ’ ਤੋਂ ਬਚਾਅ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਜੋਂ ਸਰਕਾਰ ਨੇ ਦੱਖਣੀ ਅਫ਼ਰੀਕਾ ਤੇ ਬ੍ਰਿਟੇਨ ਸਮੇਤ ਹੋਰਨਾਂ ਜੋਖ਼ਮ ਵਾਲੇ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਭਾਰਤ ਵਿੱਚ ਆਮਦ ਮੌਕੇ ਕੋਵਿਡ-19 ਟੈਸਟ ਲਾਜ਼ਮੀ ਕਰ ਦਿੱਤਾ ਹੈ। ਸਿਹਤ ਮੰਤਰਾਲੇ ਵੱਲੋਂ ਆਪਣੀ ਵੈੱਬਸਾਈਟ ‘ਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਨਵੇਂ ਦਿਸ਼ਾ-ਨਿਰਦੇਸ਼ ਪਹਿਲੀ ਦਸੰਬਰ ਤੋਂ ਅਮਲ ਵਿੱਚ ਆ ਜਾਣਗੇ। ਮੰਤਰਾਲੇ ਨੇ ਕਿਹਾ ਕਿ ਯੂਰੋਪ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮੌਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗ ਕਾਂਗ ਤੇ ਇਜ਼ਰਾਈਲ ਤੋਂ ਆਉਣ ਵਾਲੇ ਯਾਤਰੀਆਂ ਦਾ ਹਵਾਈ ਅੱਡੇ ‘ਤੇ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰਨਾਂ ਮੁਲਕਾਂ ਦੇ ਸਾਰੇ ਯਾਤਰੀਆਂ ‘ਚੋਂ 5 ਫੀਸਦ ਦੀ ਰੈਂਡਮ ਟੈਸਟਿੰਗ ਕੀਤੀ ਜਾਵੇਗੀ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਅਧਿਕਾਰੀਆਂ ਨੂੰ ਆਖ ਚੁੱਕੇ ਹਨ ਕਿ 15 ਦਸੰਬਰ ਤੋਂ ਸਾਰੀਆਂ ਤਜਵੀਜ਼ਤ ਕੌਮਾਂਤਰੀ ਉਡਾਣਾਂ ਨੂੰ ਜਾਰੀ ਰੱਖਣ ਦੇ ਫੈਸਲੇ ‘ਤੇ ਨਜ਼ਰਸਾਨੀ ਕੀਤੀ ਜਾਵੇ। ਮੌਜੂਦਾ ਸਮੇਂ ਦੁਵੱਲੇ ਜਾਂ ਹੋਰਨਾਂ ਕਰਾਰਾਂ ਤਹਿਤ ਹੀ ਵਿਸ਼ੇਸ਼ ਉਡਾਣਾਂ ਚੱਲ ਰਹੀਆਂ ਹਨ। -ਰਾਇਟਰਜ਼