ਪੱਛਮੀ ਬੰਗਾਲ: ਪਟਾਕਾ ਉਤਪਾਦਨ ਯੂਨਿਟ ਵਿੱਚ ਧਮਾਕੇ; ਤਿੰਨ ਹਲਾਕ


ਕੋਲਕਾਤਾ, 1 ਦਸੰਬਰ

ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਵਿੱਚ ਅਣਅਧਿਕਾਰਤ ਪਟਾਕਾ ਉਤਪਾਦਨ ਯੂਨਿਟ ਵਿੱਚ ਧਮਾਕੇ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਇਸੇ ਦੌਰਾਨ ਇਸ ਘਟਨਾ ਨੇ ਸਿਆਸੀ ਰੂਪ ਧਾਰ ਲਿਆ ਹੈ ਕਿਉਂਕਿ ਭਾਜਪਾ ਨੇ ਹਿੰਸਾ ਫੈਲਾਉਣ ਲਈ ਤ੍ਰਿਣਮੂਲ ਕਾਂਗਰਸ ਉੱਤੇ ਧਮਾਕਾਖੇਜ਼ ਸਮੱਗਰੀ ਨੂੰ ਭੰਡਾਰ ਕਰਨ ਦਾ ਦੋਸ਼ ਲਗਾਇਆ ਹੈ ਜਦੋਂ ਕਿ ਸੱਤਾ ਉੱਤੇ ਕਾਬਜ਼ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਉੱਤੇ ਪਲਟ ਵਾਰ ਕਰਦਿਆਂ ਕਿਹਾ ਕਿ ਭਗਵੀ ਪਾਰਟੀ ਸਸਤੀ ਰਾਜਨੀਤੀ ਕਰ ਰਹੀ ਹੈ। ਪੁਲੀਸ ਅਨੁਸਾਰ ਇਹ ਧਮਾਕਾ ਨੋਦਾਖਲੀ ਇਲਾਕੇ ਵਿੱਚ ਆਸ਼ਿਮ ਮੰਡਲ ਦੇ ਦੋ-ਮੰਜ਼ਿਲਾ ਮਕਾਨ ਵਿੱਚ ਹੋਇਆ। ਇਸ ਦੌਰਾਨ ਅੱਗ ਲੱਗਣ ਕਾਰਨ ਮਕਾਨ ਦੀ ਛੱਤ ਦਾ ਇਕ ਹਿੱਸਾ ਨੁਕਸਾਨਿਆ ਗਿਆ। ਪੁਲੀਸ ਅਨੁਸਾਰ ਮਕਾਨ ਵਿੱਚ ਤਿੰਨ ਧਮਾਕੇ ਹੋਏ। ਮਕਾਨ ਮਾਲਿਕ, ਇਕ ਮਹਿਲਾ ਤੇ ਇਕ ਹੋਰ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। -ਪੀਟੀਆਈSource link