ਅਪਲਾਈ ਕਰਨ ਵਾਲੇ ਸਾਰੇ ਕਿਸਾਨਾਂ ਨੂੰ ਖੇਤੀ ਸੰਦ ਮਿਲੇ: ਰਣਦੀਪ


ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 1 ਦਸੰਬਰ

ਫ਼ਤਹਿਗੜ੍ਹ ਸਾਹਿਬ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿਸ ਦੇ 100 ਫ਼ੀਸਦ ਕਿਸਾਨਾਂ, ਜਿਨ੍ਹਾਂ ਨੇ ਖੇਤੀ ਮਸ਼ੀਨਰੀ ਲਈ ਆਨਲਾਈਨ ਅਪਲਾਈ ਕੀਤਾ ਸੀ, ਨੂੰ ਕਰੀਬ 3.50 ਕਰੋੜ ਰੁਪਏ ਦੀ ਸਬਸਿਡੀ ਆਧਾਰਤ 236 ਆਧੁਨਿਕ ਖੇਤੀ ਸੰਦ ਮੁਹੱਈਆ ਕਰਵਾਏ ਗਏ ਹਨ।

ਇਹ ਜਾਣਕਾਰੀ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਨੇ ਖੇਡ ਸਟੇਡੀਅਮ ਸਰਹਿੰਦ ਵਿਖੇ ਲਾਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਅਤੇ ਖੇਤੀ ਮਸ਼ੀਨਰੀ ਵੰਡ ਕੈਂਪ ਵਿਚ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਆਨਲਾਈਨ ਪੋਰਟਲ ਜ਼ਰੀਏ ਕਿਸਾਨਾਂ ਦਾ ਖੇਤੀ ਮਸ਼ੀਨਰੀ ਨਿਰਮਾਤਾਵਾਂ ਨਾਲ ਸਿੱਧਾ ਰਾਬਤਾ ਕਰਵਾਇਆ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੂੰ ਵਿਭਾਗ ਮਿਲਿਆ ਤਾਂ ਸਭ ਤੋਂ ਪਹਿਲਾਂ ਗੁਲਾਬੀ ਸੁੰਡੀ ਦਾ ਟਾਕਰਾ ਕੀਤਾ ਗਿਆ। ਅਜਿਹੀਆਂ ਮੁਸ਼ਕਲਾਂ ਦੇ ਭਵਿੱਖ ਵਿਚ ਸਥਾਈ ਹੱਲ ਲਈ ਵਜ਼ੀਰਾਬਾਦ ਸਨਅਤੀ ਖੇਤਰ ਵਿਖੇ ਲੈਬ ਲਈ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਉਸ ਤੋਂ ਬਾਅਦ ਡੀ.ਏ.ਪੀ ਦੀ ਦਿੱਕਤ ਆ ਗਈ। ਕੇਂਦਰ ਨੇ ਅਲਾਟਮੈਂਟ ਵਿਚੋਂ ਕੇਵਲ 41 ਫ਼ੀਸਦ ਹੀ ਦਿੱਤਾ ਸੀ ਜਦਕਿ ਹਰਿਆਣਾ ਤੇ ਯੂ.ਪੀ ਨੂੰ ਕਿਤੇ ਵੱਧ ਡੀ.ਏ.ਪੀ ਪ੍ਰਾਪਤ ਹੋਈ ਸੀ।

ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨੂੰ ਮਿਲ ਕੇ ਇਹ ਮਸਲਾ ਹੱਲ ਕਰਵਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਭਾਸ਼ ਸੂਦ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਸਹਾਇਕ ਕਮਿਸ਼ਨਰ (ਜ) ਅਸ਼ੋਕ ਕੁਮਾਰ ਤੇ ਹੋਰ ਹਾਜ਼ਰ ਸਨ।Source link