ਓਮੀਕਰੋਨ: ਕੈਨੇਡਾ ਨੇ ਤਿੰਨ ਅਫ਼ਰੀਕੀ ਮੁਲਕਾਂ ਤੋਂ ਨਾਗਰਿਕਾਂ ਦੇ ਦਾਖ਼ਲੇ ’ਤੇ ਰੋਕ ਲਾਈ


ਟੋਰਾਂਟੋ/ਟੋਕੀਓ, 1 ਦਸੰਬਰ

ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਤੋਂ ਫ਼ਿਕਰਮੰਦ ਕੈਨੇਡਾ ਨੇ ਅੱਜ ਤਿੰੰਨ ਹੋਰ ਮੁਲਕਾਂ ਨਾਇਜੀਰੀਆ, ਮਲਾਵੀ ਤੇ ਮਿਸਰ ਦੇ ਨਾਗਰਿਕਾਂ ਦੇ ਦੇਸ਼ ਵਿੱਚ ਦਾਖ਼ਲੇ ‘ਤੇ ਰੋਕ ਲਾ ਦਿੱਤੀ ਹੈ। ਕੈਨੇਡਾ ਦੇ ਮੁੱਖ ਲੋਕ ਸਿਹਤ ਅਧਿਕਾਰੀ ਡਾ. ਥੈਰੇਸਾ ਟੈਮ ਨੇ ਕਿਹਾ ਕਿ ਕੈਨੇਡਾ ਵਿੱਚ ਹੁਣ ਤੱਕ ਮਿਲੇ ਓਮੀਕਰੋਨ ਦੇ ਸਾਰੇ ਕੇਸ ਨਾਇਜੀਰੀਆ ਤੋਂ ਆਏ ਹਨ, ਜਿੱਥੇ ਟੀਕਾਕਰਨ ਦੀ ਦਰ ਘੱਟ ਹੈ। ਓਟਵਾ ਦੱਖਣੀ ਅਫ਼ਰੀਕਾ ਨਾਲ ਸਬੰਧਤ ਸੱਤ ਮੁਲਕਾਂ ਦੇ ਵਿਦੇਸ਼ੀ ਨਾਗਰਿਕਾਂ ‘ਤੇ ਪਹਿਲਾਂ ਹੀ ਰੋਕ ਲਾ ਚੁੱਕਾ ਹੈ। ਸਿਹਤ ਮੰਤਰੀ ਜੀਨ-ਯੈੱਸ ਡਕਲੋਸ ਨੇ ਵੀ ਕਿਹਾ ਕਿ ਅਮਰੀਕਾ ਨੂੰ ਛੱਡ ਕੇ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦਾ ਹਵਾਈ ਅੱਡੇ ਉੱਤੇ ਹੀ ਕੋਵਿਡ-19 ਟੈਸਟ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਓਨਾ ਚਿਰ ਇਕਾਂਤਵਾਸ ‘ਚ ਰਹਿਣਾ ਪਏਗਾ, ਜਿੰਨਾ ਚਿਰ ਟੈਸਟ ਦਾ ਨਤੀਜਾ ਨਹੀਂ ਆ ਜਾਂਦਾ। ਓਂਟਾਰੀਓ ਸੂਬੇ ‘ਚ ਓਮੀਕਰੋਨ ਦਾ ਪਹਿਲਾ ਕੇਸ ਐਤਵਾਰ ਜਦੋਂਕਿ ਕਿਊਬਕ ‘ਚ ਸੋਮਵਾਰ ਨੂੰ ਰਿਪੋਰਟ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ ਤੇ ਐਲਬਰਟਾ ਨੇ ਵੀ ਕਰੋਨਾਵਾਇਰਸ ਦੇ ਇਸ ਨਵੇਂ ਸਰੂਪ ਦੇ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਜਾਪਾਨ ਨੇ ਸਾਰੀਆਂ ਕੌਮਾਂਤਰੀ ਏਅਰਲਾਈਨਾਂ ਨੂੰ ਜਾਪਾਨ ਆਉਣ ਵਾਲੀਆਂ ਉਡਾਣਾਂ ਲਈ ਦਸੰਬਰ ਦੇ ਅਖੀਰ ਤੱਕ ਸੀਟਾਂ ਦੀ ਰਿਜ਼ਰਵੇਸ਼ਨ ਕਰਨ ਤੋਂ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਜਾਪਾਨ ਨੇ ਓਮੀਕਰੋਨ ਤੋਂ ਸੁਰੱਖਿਆ ਲਈ ਆਪਣੀਆਂ ਸਰਹੱਦਾਂ ‘ਤੇ ਆਇਦ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਹਨ। ਜਾਪਾਨ ਨੇ ਓਮੀਕਰੋਨ ਦੇ ਦੋ ਕੇਸ ਰਿਪੋਰਟ ਹੋਣ ਮਗਰੋਂ ਇਹ ਫੈਸਲਾ ਲਿਆ ਹੈ। ਇਨ੍ਹਾਂ ਦੋ ਕੇਸਾਂ ‘ਚੋਂ ਇਕ ਵਿਅਕਤੀ ਪੇਰੂ ਤੋਂ ਆਇਆ ਹੈ ਜਦੋਂਕਿ ਦੂਜਾ ਕੇਸ ਨਾਮੀਬੀਅਨ ਸਫ਼ੀਰ ਦਾ ਹੈ। -ਏਪੀ



Source link