ਲਲਿਤਪੁਰ, 2 ਦਸੰਬਰ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਯੂਪੀ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਰਾਜ ਸਰਕਾਰ ਨੇ ਕੋਵਿਡ ਲੌਕਡਾਊਨ ਦੌਰਾਨ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਤੇ ਉਦੋਂ ਉਨ੍ਹਾਂ ਨੂੰ ਸੂਬੇ ਵਿਚ ਦਾਖਲ ਨਹੀਂ ਹੋਣ ਦਿੱਤਾ ਜਦ ਉਹ ਤਾਲਾਬੰਦੀ ਮਗਰੋਂ ਘਰ ਪਰਤ ਰਹੇ ਸਨ। ਸਪਾ ਆਗੂ ਨੇ ਕਿਹਾ ਕਿ ਮਹਾਮਾਰੀ ਦੌਰਾਨ ਨਜ਼ਰ ਆਏ ਦ੍ਰਿਸ਼ ‘ਦੇਸ਼ ਦੀ ਵੰਡ ਮੌਕੇ ਵੀ ਨਹੀਂ ਦੇਖੇ ਗਏ।’ ਲਲਿਤਪੁਰ ਜ਼ਿਲ੍ਹੇ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਅਖਿਲੇਸ਼ ਨੇ ਕਿਹਾ ‘ਉਨ੍ਹਾਂ ਤਸਵੀਰਾਂ ਨੂੰ ਕੌਣ ਭੁੱਲ ਸਕਦਾ ਹੈ ਜਦ ਲੌਕਡਾਊਨ ਲਾਇਆ ਗਿਆ ਤੇ ਸਾਡੇ ਮਜ਼ਦੂਰ ਭਰਾਵਾਂ ਨੂੰ ਘਰਾਂ ਨੂੰ ਪਰਤਣਾ ਪਿਆ।’ ਭਾਜਪਾ ਦੀ ਸਰਕਾਰ ਨੇ ਬੈਰੀਕੇਡ ਲਾ ਦਿੱਤੇ ਤੇ ਲੋਕਾਂ ਨੂੰ ਸੂਬੇ ਵਿਚ ਦਾਖਲ ਨਹੀਂ ਹੋਣ ਦਿੱਤਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਅਨਾਥਾਂ ਵਾਂਗ ਮਰਨ ਲਈ ਛੱਡ ਦਿੱਤਾ। ਮਜ਼ਦੂਰ ਭਰਾ ਪੈਦਲ ਸੈਂਕੜੇ ਕਿਲੋਮੀਟਰ ਗਾਹ ਕੇ ਘਰਾਂ ਨੂੰ ਆਏ। ਅਖਿਲੇਸ਼ ਨੇ ਦਾਅਵਾ ਕੀਤਾ ਕਿ ਜੇ ਸਪਾ ਦੀ ਸਰਕਾਰ ਹੁੰਦੀ ਤਾਂ ਉਹ ਉਨ੍ਹਾਂ ਨੂੰ ਘਰ ਲਿਆਉਣ ਲਈ ਵਾਹਨਾਂ ਦਾ ਪ੍ਰਬੰਧ ਕਰਦੇ। ਯਾਦਵ ਨੇ ਕਿਹਾ ਕਿ ਲੋਕ ਭਾਜਪਾ ਨੂੰ ਸਮਝ ਗਏ ਹਨ ਤੇ ਪਾਰਟੀ ਦੀਆਂ ‘ਚਾਲਾਂ’ ਹੁਣ ਕੰਮ ਨਹੀਂ ਕਰਨਗੀਆਂ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਤੇ ਨਿਸ਼ਾਨਾ ਸੇਧਦਿਆਂ ਅਖਿਲੇਸ਼ ਨੇ ਕਿਹਾ ਕਿ ਹੁਣ ਯੂਪੀ ਵਿਚ ਬਦਲਾਅ ਆਵੇਗਾ। -ਪੀਟੀਆਈ