ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਦਸੰਬਰ
ਆਪਣੇ ਵਾਰਡ ਵਿਚ ਕੰਮ ਨਾ ਹੋਣ ਕਾਰਨ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਸਾਥੀ ਕੌਂਸਲਰ ਸੁਖਦੇਵ ਸਿੰਘ ਚਾਹਲ ਨੇ ਕੌਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਨਵਜੋਤ ਸਿੰਘ ਸਿੱਧੂ ਨੂੰ ਵੀ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਵਾਰਡ ਵਿੱਚ ਕੰਮ ਨਹੀਂ ਹੋ ਰਹੇ ਸਨ। ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਖ਼ੁਦ ਸੱਤਾ ਤੋਂ ਦੂਰ ਸਨ ਤਾਂ ਉਹ ਸਮਝਦੇ ਸਨ ਕਿ ਜੇ ਸ੍ਰੀ ਸਿੱਧੂ ਦੇ ਕੰਮ ਨਹੀਂ ਹੋ ਰਹੇ ਤਾਂ ਉਨ੍ਹਾਂ ਦੇ ਵੀ ਨਹੀਂ ਹੋਏ ਪਰ ਹੁਣ ਜਦੋਂ ਸ੍ਰੀ ਸਿੱਧੂ ਕੋਲ ਤਾਕਤ ਹੈ ਤਾਂ ਉਸ ਵੇਲੇ ਵੀ ਉਨ੍ਹਾਂ ਦੇ ਕੰਮ ਨੂੰ ਰੋਕਿਆ ਜਾ ਰਿਹਾ ਹੈ। ਸ੍ਰੀ ਚਾਹਲ ਨਵਜੋਤ ਸਿੰਘ ਸਿੱਧੂ ਦੇ ਉਨ੍ਹਾਂ ਨੇੜਲੇ ਸਾਥੀਆਂ ਵਿੱਚੋਂ ਹਨ ਜੋ ਪਹਿਲੇ ਦਿਨ ਤੋਂ ਸ੍ਰੀ ਸਿੱਧੂ ਦੇ ਨਾਲ ਹਨ ਭਾਜਪਾ ਛੱਡਣ ਤੋਂ ਬਾਅਦ ਸ੍ਰੀ ਚਾਹਲ ਵੀ ਉਨ੍ਹਾਂ ਦੇ ਨਾਲ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ।