ਸੰਯੁਕਤ ਰਾਸ਼ਟਰ ਦਫ਼ਤਰ ਦੇ ਬਾਹਰ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ


ਨਿਊਯਾਰਕ, 3 ਦਸੰਬਰ

ਨਿਊ ਯਾਰਕ ਸ਼ਹਿਰ ਵਿਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਨੂੰ ਕਈ ਘੰਟਿਆਂ ਲਈ ਉਸ ਵੇਲੇ ਬੰਦ ਕਰਨਾ ਪਿਆ ਜਦ ਇਕ ਵਿਅਕਤੀ ਭਰੀ ਹੋਈ ਸ਼ਾਟਗੰਨ ਲੈ ਕੇ ਇਸ ਦੇ ਮੁੱਖ ਦਰਵਾਜ਼ੇ ਉਤੇ ਪਹੁੰਚ ਗਿਆ। ਕਰੀਬ ਸੱਠ ਸਾਲਾਂ ਦੇ ਲੱਗ ਰਹੇ ਇਸ ਵਿਅਕਤੀ ਨੂੰ ਵੀਰਵਾਰ ਦੁਪਹਿਰ ਬਾਅਦ 1.40 ‘ਤੇ ਹਿਰਾਸਤ ਵਿਚ ਲਿਆ ਗਿਆ। ਉਹ ਕਰੀਬ ਤਿੰਨ ਘੰਟੇ ਉੱਥੇ ਰਿਹਾ ਹਾਲਾਂਕਿ ਇਸ ਦੌਰਾਨ ਕੋਈ ਮਾੜੀ ਘਟਨਾ ਨਹੀਂ ਵਾਪਰੀ। ਪੁਲੀਸ ਨੇ ਕਿਹਾ ਕਿ ਉਸ ਨੂੰ ਪਹਿਲਾਂ ਮੈਨਹੱਟਨ ਦੇ ਫਸਟ ਐਵੇਨਿਊ ‘ਤੇ ਸੰਯੁਕਤ ਰਾਸ਼ਟਰ ਦੇ ਨਾਕੇ ਦੇ ਬਾਹਰ ਦੇਖਿਆ ਗਿਆ। ਉਸ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਨਿਊਯਾਰਕ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਚੀਫ਼ ਹੈਰੀ ਵੀਡਨ ਨੇ ਦੱਸਿਆ ਕਿ ਵਿਅਕਤੀ ਕੋਲ ਇਕ ਬੈਗ ਵੀ ਸੀ ਜਿਸ ਵਿਚ ਮੈਡੀਕਲ ਪੇਪਰ ਸਨ। ਉਸ ਨੇ ਕਿਹਾ ਕਿ ਉਹ ਇਨ੍ਹਾਂ ਨੂੰ ਸੰਯੁਕਤ ਰਾਸ਼ਟਰ ਤੱਕ ਪਹੁੰਚਾਉਣਾ ਚਾਹੁੰਦਾ ਸੀ। ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਪੇਪਰ ਪਹਿਲਾਂ ਵਿਅਕਤੀ ਤੋਂ ਲੈ ਲਏ ਤੇ ਮਗਰੋਂ ਪੁਲੀਸ ਉਸ ਨੂੰ ਲੈ ਗਈ। ਬਾਅਦ ਵਿਚ ਸੰਯੁਕਤ ਰਾਸ਼ਟਰ ਦਫ਼ਤਰ ਨੇ ਕਾਗਜ਼ ਹਾਲਾਂਕਿ ਪੁਲੀਸ ਨੂੰ ਸੌਂਪ ਦਿੱਤੇ। ਕਾਗਜ਼ਾਂ ਵਿਚ ਸੰਯੁਕਤ ਰਾਸ਼ਟਰ ਨਾਲ ਸਬੰਧਤ ਕੁਝ ਨਹੀਂ ਹੈ ਇਹ ਮੈਡੀਕਲ ਕਾਗਜ਼ ਹਨ। ਇਸ ਦੌਰਾਨ ਵਿਅਕਤੀ ਨੇ ਹਾਲਾਂਕਿ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਉਹ ਲੋਕਾਂ ਲਈ ਖ਼ਤਰਾ ਬਣਿਆ। ਪੁਲੀਸ ਨੇ ਅਤਿਵਾਦੀ ਕਾਰਵਾਈ ਦੇ ਪੱਖ ਨੂੰ ਵੀ ਨਕਾਰ ਦਿੱਤਾ। -ਏਪੀSource link