ਐੱਚਡੀਐੱਫ਼ਸੀ ਬੈਂਕ ’ਚੋਂ 30.65 ਲੱਖ ਰੁਪੲੇ ਲੁੱਟੇ


ਗੁਰਬਖਸ਼ਪੁਰੀ

ਤਰਨ ਤਾਰਨ, 4 ਦਸੰਬਰ

ਦੋ ਹਥਿਆਰਬੰਦ ਲੁਟੇਰੇ ਅੱਜ ਇਥੇ ਜੰਡਿਆਲਾ ਰੋਡ ‘ਤੇ ਪੈਂਦੇ ਐੱਚਡੀਐੱਫ਼ਸੀ ਬੈਂਕ ‘ਚੋਂ 30.65 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ| ਬੈਂਕ ਮੈਨੇਜਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਵਜੇ ਦੇ ਕਰੀਬ ਪੁਲੀਸ ਵਰਦੀ ਵਿੱਚ ਇਕ ਲੁਟੇਰਾ ਅੰਦਰ ਦਾਖ਼ਲ ਹੋਇਆ ਜਿਸ ਨੇ ਬੰਦੂਕ ਦੀ ਨੋਕ ‘ਤੇ ਬੈਂਕ ਦੇ ਮੁਲਾਜ਼ਮਾਂ ਅਤੇ ਗਾਹਕਾਂ ਆਦਿ ਨੂੰ ਇਕ ਕੋਨੇ ਵਿੱਚ ਚੁੱਪਚਾਪ ਖੜ੍ਹੇ ਹੋ ਜਾਣ ਲਈ ਕਿਹਾ ਜਦਕਿ ਉਸ ਦਾ ਦੂਸਰਾ ਸਾਥੀ ਬੈਂਕ ਦੇ ਬਾਹਰ ਮੋਟਰਸਾਈਕਲ ‘ਤੇ ਖੜ੍ਹਾ ਰਿਹਾ| ਲੁਟੇਰੇ ਨੇ ਬੈਂਕ ਦੇ ਕੈਸ਼ ਕਾਊਂਟਰ ‘ਚੋਂ ਸਾਰੀ ਰਾਸ਼ੀ ਆਪਣੇ ਕਿੱਟ ਬੈਗ ਵਿੱਚ ਪਾਈ ਅਤੇ ਬਾਹਰ ਮੋਟਰਸਾਈਕਲ ‘ਤੇ ਫਰਾਰ ਹੋ ਗਏ| ਮੈਨੇਜਰ ਮੁਤਾਬਕ ਲੁਟੇਰੇ ਸ਼ਹਿਰ ਦੀ ਖਾਲਸਪੁਰ ਰੋਡ ਵੱਲ ਫਰਾਰ ਹੋਏ ਹਨ। ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਦੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਜਾਂਚ ਦੌਰਾਨ ਇਕ ਨਕਾਬਪੋਸ਼ ਲੁਟੇਰੇ ਦੀ ਤਸਵੀਰ ਸਪੱਸ਼ਟ ਤੌਰ ‘ਤੇ ਸਾਹਮਣੇ ਆਈ ਹੈ ਜਿਸ ਤੋਂ ਪੁਲੀਸ ਨੂੰ ਜਾਂਚ ਅੱਗੇ ਤੋਰਨ ਵਿੱਚ ਕਾਫੀ ਮਦਦ ਮਿਲਣ ਦੀ ਸੰਭਾਵਨਾ ਹੈ| ਬੈਂਕ ਦੇ ਸੁਰੱਖਿਆ ਕਰਮਚਾਰੀ ਕੋਲ ਕੋਈ ਹਥਿਆਰ ਆਦਿ ਨਹੀਂ ਸੀ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਆਪਣੇ ਹੋਰ ਅਧਿਕਾਰੀਆਂ ਨਾਲ ਮੌਕੇ ‘ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ| ਬੈਂਕ ਦੇ ਸਾਹਮਣੇ ਹੀ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਕੋਠੀ ਹੈ ਜਿਥੇ ਰਾਤ-ਦਿਨ ਪੁਲੀਸ ਦਾ ਪਹਿਰਾ ਲੱਗਾ ਰਹਿੰਦਾ ਹੈ| ਇਸ ਘਟਨਾ ਨੇ ਪੁਲੀਸ ਦੀ ਕਾਰਗੁਜ਼ਾਰੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ| ਇਹ ਸੜਕ ਜਿਥੇ ਸ਼ਹਿਰ ਦੀ ਵਧੇਰੇ ਆਵਾਜਾਈ ਵਾਲੀ ਸੜਕ ਹੈ ਉਥੇ ਇਸ ਸੜਕ ‘ਤੇ ਪੁਲੀਸ ਦੇ ਥਾਂ ਥਾਂ ‘ਤੇ ਨਾਕੇ ਵੀ ਲੱਗੇ ਰਹਿੰਦੇ ਹਨ| ਡੀਐਸਪੀ ਨੇ ਦੱਸਿਆ ਕਿ ਧਾਰਾ 379, 148, 149, 34 ਫੌਜਦਾਰੀ, 25, 54, 59 ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ|Source link