ਕੋਲੰਬੋ, 5 ਦਸੰਬਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸੇ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਉਸ ਭੀੜ ਪ੍ਰਤੀ ਕੋਈ ਰਹਿਮ ਨਹੀਂ ਦਿਖਾਇਆ ਜਾਵੇਗਾ ਜਿਸ ਨੇ ਕੁਫਰ ਤੋਲਣ ਦੇ ਦੋਸ਼ਾਂ ਤਹਿਤ ਸ੍ਰੀਲੰਕਾਈ ਨਾਗਰਿਕ ਪ੍ਰਿਯੰਤਾ ਦੀਆਵਦਾਨਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਰਾਸ਼ਟਰਪਤੀ ਦਫ਼ਤਰ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ।
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਰਾਜਪਕਸੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿਚ 113 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਇੱਥੇ ਦੱਸਿਆ ਗਿਆ, ”ਪਾਕਿਸਤਾਨੀ ਸੁਰੱਖਿਆ ਬਲਾਂ ਨੇ ਘਟਨਾ ਨਾਲ ਸਬੰਧਤ ਸਾਰੀਆਂ ਵੀਡੀਓਜ਼ ਤੇ ਜਾਣਕਾਰੀ ਇਕੱਤਰ ਕਰ ਲਈ ਹੈ।” ਇਮਰਾਨ ਖਾਨ ਨੇ ਰਾਸ਼ਟਰਪਤੀ ਰਾਜਪਕਸੇ ਨੂੰ ਸੂਚਿਤ ਕੀਤਾ ਕਿ ਪਾਕਿਸਤਾਨ ਵਿਚ ਲੰਬੇ ਸਮੇਂ ਤੱਕ ਕੰਮ ਕਰਦੇ ਰਹੇ ਦੀਆਵਦਾਨਾ ਨੇ ਇਕ ਪ੍ਰਬੰਧਕ ਵਜੋਂ ਉੱਚ ਪੱਧਰ ਦੇ ਪੇਸ਼ੇਵਰ ਵਿਵਹਾਰ ਦਾ ਪ੍ਰਦਰਸ਼ਨ ਕੀਤਾ।
ਸ਼ੁੱਕਰਵਾਰ ਨੂੰ ਦਿਲ ਕੰਬਾਉਣ ਵਾਲੀ ਇਕ ਘਟਨਾ ਵਿਚ ਕੱਟੜਪੰਥੀ ਇਸਲਾਮਿਕ ਪਾਰਟੀ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀਐੱਲਪੀ) ਦੇ ਸਮਰਥਕਾਂ ਨੇ ਇਕ ਕੱਪੜਾ ਫੈਕਟਰੀ ‘ਤੇ ਹਮਲਾ ਕਰ ਦਿੱਤਾ ਅਤੇ ਕੁਫਰ ਤੋਲਣ ਦੇ ਦੋਸ਼ ਹੇਠ ਇਸ ਦੇ ਜਨਰਲ ਮੈਨੇਜਰ ਦੀਆਵਦਾਨਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਉਪਰੰਤ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ ਸੀ। ਪਾਕਿਸਤਾਨੀ ਸਰਕਾਰ ‘ਤੇ ਦਬਾਅ ਬਣਨ ਤੋਂ ਬਾਅਦ 800 ਤੋਂ ਵੱਧ ਲੋਕਾਂ ਖ਼ਿਲਾਫ਼ ਅਤਿਵਾਦ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ 113 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ 13 ਮੁੱਖ ਮੁਲਜ਼ਮ ਵੀ ਸ਼ਾਮਲ ਹਨ। -ਪੀਟੀਆਈ
ਪੋਸਟਮਾਰਟਮ ਰਿਪੋਰਟ ‘ਚ ਸ੍ਰੀਲੰਕਾਈ ਨਾਗਰਿਕ ਦੀਆਂ ਤਕਰੀਬਨ ਸਾਰੀਆਂ ਹੱਡੀਆਂ ਟੁੱਟਣ ਦੀ ਪੁਸ਼ਟੀ
ਲਾਹੌਰ: ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿਚ ਸ੍ਰੀਲੰਕਾਈ ਨਾਗਰਿਕ ਪ੍ਰਿਯੰਤਾ ਕੁਮਾਰਾ ਦੀਆਵਦਾਨਾ ਦੀ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਵਾਲੀ ਭਿਆਨਕ ਘਟਨਾ ਤੋਂ ਬਾਅਦ, ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ਜੀਓ ਨਿਊਜ਼ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਦੀਆਵਦਾਨਾ ਦੇ ਸ਼ਰੀਰ ਦੀਆਂ ਤਕਰੀਬਨ ਸਾਰੀਆਂ ਹੱਡੀਆਂ ਟੁੱਟ ਚੁੱਕੀਆਂ ਸਨ ਅਤੇ ਲਾਸ਼ 99 ਫ਼ੀਸਦੀ ਤੱਕ ਸੜ ਚੁੱਕੀ ਸੀ। ਜੀਓ ਨਿਊਜ਼ ਦੀ ਖ਼ਬਰ ਮੁਤਾਬਕ ਦੀਆਵਦਾਨਾ ਦੀ ਪੋਸਟਮਾਰਟਮ ਰਿਪੋਰਟ ਵਿਚ ਖੋਪੜੀ ਅਤੇ ਜਬਾੜੇ ਦੀ ਹੱਡੀ ਟੁੱਟਣਾ ਮੌਤ ਦਾ ਕਾਰਨ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਉਸ ਦੇ ਸਾਰੇ ਅਹਿਮ ਅੰਗਾਂ, ਪੇਟ ਅਤੇ ਇਕ ਗੁਰਦੇ ‘ਤੇ ਅਸਰ ਪਿਆ। ਉੱਧਰ, ਤਸ਼ੱਦਦ ਦੇ ਨਿਸ਼ਾਨ ਪੂਰੇ ਸ਼ਰੀਰ ‘ਤੇ ਸਨ। ਰੀੜ੍ਹ ਦੀ ਹੱਡੀ ਤਿੰਨ ਜਗ੍ਹਾ ਤੋਂ ਟੁੱਟ ਚੁੱਕੀ ਸੀ। ਪੈਰ ਦੀ ਇਕ ਪੰਜ ਦੀ ਹੱਡੀ ਨੂੰ ਛੱਡ ਕੇ ਬਾਕੀ ਪੂਰੇ ਸ਼ਰੀਰ ਦੀਆਂ ਹੱਡੀਆਂ ਟੁੱਟ ਗਈਆਂ ਸਨ। ਇਸ ਤੋਂ ਇਲਾਵਾ ਉਸ ਦੀ ਲਾਸ਼ 99 ਫ਼ੀਸਦ ਤੱਕ ਸੜ ਚੁੱਕੀ ਸੀ। ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਦੀਆਵਦਾਨਾ ਦੀ ਲਾਸ਼ ਲਾਹੌਰ ਭੇਜੀ ਜਾਵੇਗੀ ਜਿੱਥੇ ਇਹ ਸ੍ਰੀਲੰਕਾ ਦੇ ਕੌਂਸਲੇਟ ਨੂੰ ਸੌਂਪ ਦਿੱਤੀ ਜਾਵੇਗੀ। -ਪੀਟੀਆਈ