ਜੈਸਮੀਨ ਭਾਰਦਵਾਜ
ਨਾਭਾ, 8 ਦਸੰਬਰ
ਨਾਭਾ-ਭਵਾਨੀਗੜ੍ਹ ਸੜਕ ਉੱਪਰ ਕਾਰ ਅਤੇ ਟਰੱਕ ਦੀ ਟੱਕਰ ‘ਚ ਇਕ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਗੰਭੀਰ ਜ਼ਖ਼ਮੀ ਹੋ ਗਏ। ਐੱਸਯੂਵੀ ‘ਚ ਛੇ ਬੱਚਿਆਂ ਸਮੇਤ 11 ਜਣੇ ਵਿਆਹ ਤੋਂ ਵਾਪਸ ਆ ਰਹੇ ਸਨ ਅਤੇ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਦੇ ਨਜ਼ਦੀਕ ਉਨ੍ਹਾਂ ਦੀ ਟੱਕਰ ਟਰੱਕ ਨਾਲ ਹੋ ਗਈ। ਇਸ ਕਾਰਨ 7 ਸਾਲਾ ਅਭਿਜੋਤ ਸਿੰਘ ਵਾਸੀ ਮੂੰਡਖੇਰਾ ਅਤੇ ਸੋਮਾ ਸਿੰਘ (35) ਵਾਸੀ ਮਾਧੋਮਾਜਰਾ ਸਮਾਣਾ ਦੀ ਮੌਕੇ ‘ਤੇ ਮੌਤ ਹੋ ਗਈ। ਪੁਲੀਸ ਵੱਲੋ ਸਵਾਰੀਆਂ ਨੂੰ ਮੁਸ਼ਕਲ ਨਾਲ ਗੱਡੀ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਨੌਂ ਜਣਿਆਂ ਨੂੰ ਪਟਿਆਲਾ ਰਾਜਿੰਦਰ ਹਸਪਤਾਲ ਰੈਫਰ ਕੀਤਾ ਗਿਆ। ਮ੍ਰਿਤਕ ਅਭਿਜੋਤ ਦੀ ਮਾਤਾ ਸੋਨਾ ਕੌਰ (30) ਦੀ ਰਸਤੇ ਵਿੱਚ ਮੌਤ ਹੋ ਗਈ। ਅੱਜ ਸਵੇਰ ਰਾਜਿੰਦਰ ਹਸਪਤਾਲ ਤੋਂ ਚੰਡੀਗੜ੍ਹ ਰੈਫਰ ਕੀਤੀ ਜਸਪਾਲ ਕੌਰ ਵਾਸੀ ਮੂੰਡਖੇਰਾ ਦੀ ਵੀ ਮੌਤ ਹੋ ਗਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।