ਬੂਸਟਰ ਡੋਜ਼ ਦੀ ਲੋੜ ਬਾਰੇ ਘੋਖ ਜਾਰੀ: ਸਰਕਾਰ


ਨਵੀਂ ਦਿੱਲੀ, 10 ਦਸੰਬਰ

ਸਰਕਾਰ ਨੇ ਅੱਜ ਲੋਕ ਸਭਾ ਵਿੱਚ ਦੱਸਿਆ ਕਿ ਕਰੋਨਾਵਾਇਰਸ ਤੋਂ ਬਚਾਅ ਲਈ ਬੂਸਟਰ ਡੋਜ਼ ਦੀ ਲੋੜ ਬਾਰੇ ਘੋਖ ਜਾਰੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਲਈ ਵੈਕਸੀਨ ਪ੍ਰਸ਼ਾਸਨ ਬਾਰੇ ਮਾਹਿਰਾਂ ਦੇ ਕੌਮੀ ਸਮੂਹ (ਐੱਨਈਜੀਵੀਏਸੀ) ਤੇ ਟੀਕਾਕਰਨ ਬਾਰੇ ਕੌਮੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਵੱਲੋਂ ਵੱਖ ਵੱਖ ਵਿਗਿਆਨਕ ਸਬੂਤਾਂ ‘ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਲੋਕ ਸਭਾ ਵਿੱਚ ਅੱਜ ਕਿਹਾ ਕਿ www. ourworldindata.org ‘ਤੇ ਉਪਲਬਧ ਜਾਣਕਾਰੀ ਅਨੁਸਾਰ 60 ਤੋਂ ਵੱਧ ਮੁਲਕਾਂ ਵੱਲੋਂ ਕੋਵਿਡ-19 ਵੈਕਸੀਨਾਂ ਦੀ ਬੂਸਟਰ ਡੋਜ਼ ਮੁਹੱਈਆ ਕੀਤੀ ਜਾ ਰਹੀ ਹੈ। ਪਵਾਰ ਸਰਕਾਰ ਵੱਲੋਂ ਬੂਸਟਰ ਡੋਜ਼ ਬਾਰੇ ਕੋਈ ਨੀਤੀ ਐਲਾਨੇ ਜਾਣ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।

ਸਿਹਤ ਰਾਜ ਮੰਤਰੀ ਨੇੇ ਸਾਫ਼ ਕਰ ਦਿੱਤਾ ਕਿ ਕੌਮੀ ਰੈਗੂਲੇਟਰ, ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਸੰਗਠਨ, ਨੇ ਬੂਸਟਰ ਡੋਜ਼ ਲਗਾਉਣ ਦੇ ਕਲੀਨਿਕਲ ਟਰਾਇਲਾਂ ਵਜੋਂ ਦੋ ਫ਼ਰਮਾਂ- ਭਾਰਤ ਬਾਇਓਟੈੱਕ ਤੇ ਬਾਇਓਲੋਜੀਕਲ ਈ. ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਟੀਕਾਕਰਨ ਦੀ ਰਫ਼ਤਾਰ ‘ਤੇ ਨਿਯਮਤ ਨਜ਼ਰਸਾਨੀ ਕੀਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੇ ਡੇਲਟਾ ਸਰੂਪ ਦੇ 18 ਕੇਸ ਰਿਪੋਰਟ ਹੋਏ ਹਨ। ਸਿਹਤ ਰਾਜ ਮੰਤਰੀ ਨੇ ਲੋਕ ਸਭਾ ਨੂੰ ਦੱਸਿਆ ਕਿ ਹੁਣ ਤੱਕ 109 ਮੁਲਕ ਭਾਰਤ ਦੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨੂੰ ਯਾਤਰਾ ਦੇ ਮੰਤਵ ਲਈ ਮਾਨਤਾ ਦੇ ਚੁੱਕੇ ਹਨ। ਕਰੋਨਾ ਤੋਂ ਬਚਾਅ ਲਈ ਜਾਰੀ ਟੀਕਾਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 8 ਦਸੰਬਰ ਤੱਕ 93.3 ਕਰੋੜ ਦੀ ਬਾਲਗ ਆਬਾਦੀ ਵਿੱਚੋਂ 13.3 ਕਰੋੜ ਲੋਕਾਂ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਅਜੇ ਲੱਗਣੀ ਹੈ ਜਦੋਂਕਿ 53 ਫੀਸਦ ਬਾਲਗ ਆਬਾਦੀ ਵੈਕਸੀਨ ਦੀਆਂ ਦੋਵੇਂ ਖੁੁਰਾਕਾਂ ਲਗਵਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਮਈ ਤੋਂ ਸਰਕਾਰੀ ਕੇਂਦਰਾਂ ਵਿੱਚ ਕੋਵਿਡ-19 ਦੀਆਂ 96 ਫੀਸਦ ਤੋਂ ਵੱਧ ਵੈਕਸੀਨ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਖਿਲਾਫ਼ ਆਬਾਦੀ ਦੇ ਮੁਕੰਮਲ ਟੀਕਾਕਰਨ ਨੂੰ ਲੈ ਕੇ ਭਾਰਤ 17ਵੇਂ ਸਥਾਨ ‘ਤੇ ਹੈ। ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਤੋਂ ਕੋਵਿਡ-19 ਟੀਕਾਕਰਨ ਦੇ ਫ਼ਰਜ਼ੀ ਕੈਂਪ ਲੱਗਣ ਦੇ ਮਾਮਲੇ ਧਿਆਨ ਵਿੱਚ ਆਏ ਹਨ। -ਪੀਟੀਆਈSource link