ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਦਸੰਬਰ
ਕਿਸਾਨੀ ਮੋਰਚਿਆਂ ਵਾਲੀਆਂ ਥਾਵਾਂ ਸਿੰਘੂ, ਟਿਕਰੀ ਤੇ ਗਾਜ਼ੀਪੁਰ ਹੱਦਾਂ ਤੋਂ ਘਰਾਂ ਨੂੰ ਚਾਲੇ ਪਾਉਣ ਤੋਂ ਬਾਅਦ ਕਿਸਾਨਾਂ ਨੇ ਇਨ੍ਹਾਂ ਥਾਵਾਂ ਦੀ ਸਫ਼ਾਈ ਆਰੰਭ ਦਿੱਤੀ ਹੈ। ਕਿਸਾਨ ਮੋਰਚੇ ਦੇ ਪ੍ਰਬੰਧਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਲੀਪੁਰ ਵਾਸੀ ਦੀਪ ਖੱਤਰੀ ਤੇ ਉਨ੍ਹਾਂ ਦੀ ਸੰਸਥਾ ਸ਼ਹੀਦ ਭਗਤ ਸਿੰਘ ਯੁਵਾ ਬ੍ਰਿਗੇਡ ਦੇ ਵਾਲੰਟੀਅਰਾਂ ਵੱਲੋਂ ਕਿਸਾਨਾਂ ਨਾਲ ਮਿਲ ਕੇ ਸਿੰਘੂ ਹੱਦ ‘ਤੇ ਸਫ਼ਾਈ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਦੱਸਿਆ ਕਿ 20 ਤੋਂ ਜ਼ਿਆਦਾ ਜੇਸੀਬੀ ਮਸ਼ੀਨਾਂ ਨਾਲ ਕੌਮੀ ਮਾਰਗ ਨੰਬਰ-1 ‘ਤੇ ਬਣਾਈਆਂ ਝੌਂਪੜੀਆਂ ਵਾਲੀਆਂ ਥਾਵਾਂ ਤੋਂ ਸਫ਼ਾਈ ਸ਼ੁਰੂ ਕੀਤੀ ਗਈ। ਇਸ ਕੰਮ ਲਈ 100 ਤੋਂ ਜ਼ਿਆਦਾ ਵਾਲੰਟੀਅਰਾਂ ਨਾਲ ਕਾਰਜ ਜਾਰੀ ਹੈ। ਵਾਲੰਟੀਅਰ ਰਣਦੀਪ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਮੋਰਚੇ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਮੋਰਚਾ ਫ਼ਤਹਿ ਹੋਣ ਮਗਰੋਂ ਸਫ਼ਾਈ ਕੀਤੀ ਜਾਵੇਗੀ ਤੇ ਇਹ ਐਲਾਨ ਹੁਣ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਜੋ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਨਾ ਹੋਵੇ।
ਦਿੱਲੀ ਪੁਲੀਸ ਨੇ ਵੀ ਉਹ ਸਾਰੀਆਂ ਰੋਕਾਂ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿਸਾਨਾਂ ਨੂੰ ਦਿੱਲੀ ਵੜਨ ਤੋਂ ਰੋਕਣ ਲਈ ਕੌਮੀ ਮਾਰਗਾਂ ‘ਤੇ ਲਾਈਆਂ ਗਈਆਂ ਸਨ। ਪੁਲੀਸ ਨੇ ਆਵਾਜਾਈ ਪੱਕੀ ਬੰਦ ਕੀਤੀ ਹੋਈ ਸੀ। ਪੁਲੀਸ ਅਧਿਕਾਰੀਆਂ ਮੁਤਾਬਕ ਇਹ ਰੋਕਾਂ ਪੜਾਅਵਾਰ ਹਟਾਈਆਂ ਜਾ ਰਹੀਆਂ ਹਨ। ਦੀਪ ਖੱਤਰੀ ਨੇ ਦੱਸਿਆ ਕਿ ਸਿੰਘੂ ਹੱਦ ‘ਤੇ ਪੰਜਾਬ ਤੋਂ ਦਿੱਲੀ ਨੂੰ ਜਾਂਦੀ ਸੜਕ ਦਾ ਸੱਜਾ ਪਾਸਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਸਿੰਘੂ ਸਟੇਜ ਦੇ ਖੱਬੇ ਪਾਸਿਓਂ ਰਸਤਾ ਪਹਿਲਾਂ ਹੀ ਖੋਲ੍ਹ ਦਿੱਤਾ ਗਿਆ ਸੀ।