ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਦਸੰਬਰ
ਨੇੜਲੇ ਪਿੰਡ ਲੇਹਲ ਖੁਰਦ ਦੇ ਪਰਮਵੀਰ ਚੱਕਰ ਜੇਤੂ ਸ਼ਹੀਦ ਗੁਰਜੰਟ ਸਿੰਘ ਯਾਦਗਾਰੀ ਟੂਰਨਾਮੈਂਟ ਦੀ ਯਾਦ ਵਿਚ ਕਿਸਾਨੀ ਨੂੰ ਸਮਰਪਿਤ 51ਵੇਂ ਟੂਰਨਾਮੈਂਟ ਦੇ ਦੂਜੇ ਦਿਨ ਦਿੱਲੀ ਦਾ ਕਿਸਾਨੀ ਅੰਦੋਲਨ ਫ਼ਤਹਿ ਕਰ ਕੇ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੀ ਸੂਬਾ ਟੀਮ ਨਾਲ ਟੂਰਨਾਮੈਂਟ ‘ਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਦਿੱਲੀ ਦਾ ਮੋਰਚਾ ਸਰ ਕਰਨ ਉੱਤੇ ਵਧਾਈ ਦਿੱਤੀ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਇੱਕ ਮੋਰਚਾ ਫ਼ਤਹਿ ਕਰਦਿਆਂ ਮੋਦੀ ਸਰਕਾਰ ਨਾਲ ਹਿਸਾਬ ਪੂਰਾ ਕਰ ਆਏ ਹਾਂ, ਹੁਣ ਚੰਨੀ ਸਰਕਾਰ ਨਾਲ ਹਿਸਾਬ-ਕਿਤਾਬ ਕਰਨਾ ਬਾਕੀ ਹੈ ਕਿਉਂਕਿ ਪੰਜਾਬ ਦਾ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਪੜ੍ਹੇ-ਲਿਖੇ ਨੌਜਵਾਨਾਂ ਕੋਲੋਂ ਠੇਕੇਦਾਰ ਦਿਹਾੜੀਆਂ ਕਰਵਾ ਰਹੇ ਹਨ।” ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਨਹੁੰ- ਮਾਸ ਵਾਂਗ ਜੁੜੇ ਹੋਏ ਹਨ ਅਤੇ ਜਥੇਬੰਦੀ ਹੁਣ ਸੂਬੇ ਦੇ ਮਜ਼ਦੂਰਾਂ ਦੇ ਸੰਘਰਸ਼ ‘ਚ ਆਪਣਾ ਹਿੱਸਾ ਪਾਵੇਗੀ। ਇਸ ਦੌਰਾਨ ਪਿੰਡ ਵਾਸੀਆਂ ਨੇ ਜੋਗਿੰਦਰ ਸਿੰਘ ਉਗਰਾਹਾਂ ਤੇ ਸਾਥੀਆਂ ਦਾ ਸਨਮਾਨ ਕੀਤਾ।