ਧਰਮ ਦੇ ਨਾਂ ’ਤੇ ਹੋਈ ਭਾਰਤ ਦੀ ਵੰਡ ‘ਇਤਿਹਾਸਕ ਗਲਤੀ’: ਰਾਜਨਾਥ


ਨਵੀਂ ਦਿੱਲੀ, 12 ਦਸੰਬਰ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਨੇ 1971 ਵਿਚ ਪਾਕਿਸਤਾਨ ਨਾਲ ਹੋਈ ਸਿੱਧੀ ਜੰਗ ਜਿੱਤੀ ਸੀ ਤੇ ਇਹ ਗੁਆਂਢੀ ਮੁਲਕ ਨਾਲ ਜਾਰੀ ਅਤਿਵਾਦ ਦੀ ਅਸਿੱਧੀ ਜੰਗ ਵੀ ਜਿੱਤੇਗਾ। ਉਨ੍ਹਾਂ ਕਿਹਾ ਕਿ 1971 ਦੀ ਜੰਗ ਨੇ ਦਿਖਾਇਆ ਕਿ ਧਰਮ ਦੇ ਨਾਂ ਉਤੇ ਭਾਰਤ ਦੀ ਵੰਡ ਜੋ ਕਿ ਬਰਤਾਨਵੀ ਰਾਜ ਤੋਂ ਆਜ਼ਾਦੀ ਮਿਲਣ ਵੇਲੇ ਸਾਨੂੰ ਹੰਢਾਉਣੀ ਪਈ, ਇਕ ‘ਇਤਿਹਾਸਕ ਗਲਤੀ’ ਸੀ। ਮੰਤਰੀ ਨੇ ਕਿਹਾ ਕਿ ‘ਪਾਕਿਸਤਾਨ ਅਤਿਵਾਦ ਤੇ ਹੋਰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਹੁਲਾਰਾ ਦੇ ਕੇ ਸਾਨੂੰ ਤੋੜਨਾ ਚਾਹੁੰਦਾ ਹੈ।’ 1971 ਦੀ ਜੰਗ ਨੂੰ ਸਮਰਪਿਤ ‘ਸਵਰਣਿਮ ਵਿਜੈ ਪਰਵ’ ਮੌਕੇ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਭਾਰਤ ਦੇ ਹਥਿਆਰਬੰਦ ਬਲਾਂ ਨੇ 1971 ਵਿਚ ਪਾਕਿਸਤਾਨ ਦੇ ਸਾਰੇ ਮਨਸੂਬੇ ਨਾਕਾਮ ਕਰ ਦਿੱਤੇ ਸਨ ਤੇ ਹੁਣ ਸੁਰੱਖਿਆ ਬਲ ਅਤਿਵਾਦ ਨੂੰ ਜੜ੍ਹੋਂ ਪੁੱਟਣ ਲਈ ਕੰਮ ਕਰ ਰਹੇ ਹਨ। ਰਾਜਨਾਥ ਨੇ ਕਿਹਾ ‘ਅਸੀਂ ਸਿੱਧੀ ਜੰਗ ਜਿੱਤ ਲਈ ਹੈ ਤੇ ਹੁਣ ਅਸਿੱਧੀ ਜੰਗ ਵੀ ਜਿੱਤੀ ਜਾਵੇਗੀ।’ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ‘ਸਵਰਣਿਮ ਵਿਜੈ ਪਰਵ’ ਨੂੰ ਧੂਮਧਾਮ ਨਾਲ ਮਨਾਉਣ ਦੀ ਯੋਜਨਾ ਬਣਾਈ ਸੀ ਪਰ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰ ਅਧਿਕਾਰੀਆਂ-ਜਵਾਨਾਂ ਦੇ ਦੇਹਾਂਤ ਕਾਰਨ ਇਸ ਦਿਹਾੜੇ ਨੂੰ ਸਾਧਾਰਨ ਢੰਗ ਨਾਲ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ। ਰਾਜਨਾਥ ਨੇ ਇਸ ਮੌਕੇ ਮਰਹੂਮ ਜਨਰਲ ਤੇ ਬਾਕੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਤਰੀ ਨੇ ਅੱਜ ‘ਵਾਲ ਆਫ਼ ਫੇਮ-1971 ਇੰਡੋ-ਪਾਕ ਵਾਰ’ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਫ਼ੌਜੀ ਉਪਕਰਨ ਵੀ ਪ੍ਰਦਰਸ਼ਿਤ ਕੀਤੇ ਗਏ। ਉਨ੍ਹਾਂ ਕਿਹਾ ਕਿ 1971 ਦੀ ਜੰਗ ਦੌਰਾਨ ਭਾਰਤੀ ਰੱਖਿਆ ਬਲਾਂ ਵੱਲੋਂ ਦਿਖਾਈ ਗਈ ਬਹਾਦਰੀ ਹਮੇਸ਼ਾ ਹਰ ਭਾਰਤੀ ਲਈ ਮਾਣ ਦਾ ਵਿਸ਼ਾ ਰਹੇਗਾ। ਉਨ੍ਹਾਂ ਕਿਹਾ ਕਿ 1971 ਦੀ ਜੰਗ ਸਿਰਫ਼ ਪਾਕਿਸਤਾਨੀ ਫ਼ੌਜ ਖ਼ਿਲਾਫ਼ ਨਹੀਂ ਸੀ ਪਰ ਅਨਿਆਂ ਤੇ ਜ਼ੁਲਮ ਵਿਰੁੱਧ ਵੀ ਸੀ। ਇਹ ਸਿਰਫ਼ ਭਾਰਤ ਦੀ ਪਾਕਿਸਤਾਨ ਉਤੇ ਜਿੱਤ ਦਾ ਪ੍ਰਤੀਕ ਨਹੀਂ ਸੀ ਪਰ ਅਨਿਆਂ ਉਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਵੀ ਸੀ। ਇਹ ਜੰਗ ਸਾਡੀਆਂ ਲੋਕਤੰਤਰਿਕ ਰਵਾਇਤਾਂ ਨੂੰ ਵੀ ਦਰਸਾਉਂਦੀ ਹੈ। ਰਾਜਨਾਥ ਨੇ ਕਿਹਾ ਕਿ ਭਾਰਤ ਨੇ ਕਦੇ ਕਿਸੇ ਮੁਲਕ ਉਤੇ ਹਮਲਾ ਨਹੀਂ ਕੀਤਾ ਤੇ ਨਾ ਹੀ ਕਿਸੇ ਦੀ ਜ਼ਮੀਨ ਹਥਿਆਈ। ਭਾਰਤ ਨੇ ਬੰਗਲਾਦੇਸ਼ ਵਿਚ ਲੋਕਤੰਤਰ ਦੀ ਸਥਾਪਤੀ ‘ਚ ਅਹਿਮ ਯੋਗਦਾਨ ਦਿੱਤਾ ਤੇ ਇਹ ਲਗਾਤਾਰ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪ੍ਰਤੀ ਪਾਕਿਸਤਾਨ ਦੀ ਈਰਖਾ ਤੇ ਵਿਰੋਧੀ ਭਾਵਨਾ ਇਸ ਵੱਲੋਂ ਹਥਿਆਰਾਂ ਦੇ ਰੱਖੇ ਗਏ ਨਾਵਾਂ ਤੋਂ ਜ਼ਾਹਿਰ ਹੁੰਦੀ ਹੈ। ਇਸ ਨੇ ਬੇਰਹਿਮ ਸ਼ਾਸਕਾਂ- ਗੌਰੀ, ਗ਼ਜ਼ਨਵੀ ਤੇ ਅਬਦਾਲੀ ਦੇ ਨਾਂ ‘ਤੇ ਮਿਜ਼ਾਈਲਾਂ ਦੇ ਨਾਂ ਰੱਖੇ ਹੋਏ ਹਨ। ਜਦਕਿ ਭਾਰਤ ਵਿਚ ਅਜਿਹਾ ਨਹੀਂ ਹੈ। -ਪੀਟੀਆਈ

ਜ਼ਖ਼ਮੀ ਗਰੁੱਪ ਕੈਪਟਨ ਦੇ ਪਰਿਵਾਰ ਨਾਲ ਲਗਾਤਾਰ ਰਾਬਤਾ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਤਾਮਿਲਨਾਡੂ ਹੈਲੀਕੌਪਟਰ ਹਾਦਸੇ ਵਿਚ ਜ਼ਖ਼ਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦੇ ਲਗਾਤਾਰ ਸੰਪਰਕ ਵਿਚ ਹਨ ਤੇ ਉਨ੍ਹਾਂ ਦੇ ਪਿਤਾ ਨਾਲ ਵੀ ਰਾਬਤਾ ਬਣਾਇਆ ਹੋਇਆ ਹੈ। ਗਰੁੱਪ ਕੈਪਟਨ ਇਸ ਵੇਲੇ ਬੰਗਲੁਰੂ ਦੇ ਕਮਾਂਡ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਭਾਰਤੀ ਫ਼ੌਜ ਵੱਲੋਂ ਜਨਰਲ ਰਾਵਤ ਦਾ ਆਖ਼ਰੀ ਸੰਦੇਸ਼ ਰਿਲੀਜ਼

ਭਾਰਤੀ ਫ਼ੌਜ ਨੇ ਅੱਜ ਮਰਹੂਮ ਸੀਡੀਐੱਸ ਜਨਰਲ ਬਿਪਿਨ ਰਾਵਤ ਦਾ ਆਖਰੀ ਸੰਦੇਸ਼ ਰਿਲੀਜ਼ ਕੀਤਾ ਜਿਸ ਵਿਚ ਉਹ ਭਾਰਤ ਦੇ ਹਥਿਆਰਬੰਦ ਬਲਾਂ ਨੂੰ 1971 ਦੀ ਜੰਗ ਦੇ 50 ਵਰ੍ਹੇ ਮੁਕੰਮਲ ਹੋਣ ਮੌਕੇ ਸਿਜਦਾ ਕਰ ਰਹੇ ਹਨ। 1.09 ਮਿੰਟ ਦੀ ਇਹ ਵੀਡੀਓ ਕਲਿਪ ਉਨ੍ਹਾਂ ਦੀ ਮੌਤ ਤੋਂ ਇਕ ਦਿਨ ਪਹਿਲਾਂ ਦੀ ਹੈ। ਇਸ ਵਿਚ ਜਨਰਲ ਰਾਵਤ ਸੁਨੇਹਾ ਦੇ ਰਹੇ ਹਨ, ‘ਅਪਨੀ ਸੇਨਾਓਂ ਪਰ ਹੈ ਹਮੇਂ ਗਰਵ, ਆਓ ਮਿਲਕਰ ਮਨਾਏ ਵਿਜੈ ਪਰਵ।’Source link