ਸੀਬੀਐੱਸਈ ਨੇ ਵਿਵਾਦ ਮਗਰੋਂ 10ਵੀਂ ਦੀ ਪ੍ਰੀਖਿਆ ਦੇ ਕੁਝ ਸਵਾਲ ਹਟਾਏ

ਸੀਬੀਐੱਸਈ ਨੇ ਵਿਵਾਦ ਮਗਰੋਂ 10ਵੀਂ ਦੀ ਪ੍ਰੀਖਿਆ ਦੇ ਕੁਝ ਸਵਾਲ ਹਟਾਏ


ਨਵੀਂ ਦਿੱਲੀ, 13 ਦਸੰਬਰ

ਸੀਬੀਐੱਸਈ ਨੇ ਸੋਮਵਾਰ ਨੂੰ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੇ ਇਕ ਪੈਰੇ ਅਤੇ ਉਸ ਨਾਲ ਸਬੰਧਤ ਸਵਾਲਾਂ ਨੂੰ ਹਟਾ ਦਿੱਤਾ ਹੈ ਅਤੇ ਵਿਦਿਆਰਥੀਆਂ ਨੂੰ ਇਸ ਵਾਸਤੇ ਪੂਰੇ ਅੰਕ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਸੀਬੀਐੱਸਈ ਨੇ ਐਤਵਾਰ ਨੂੰ ਇਸ ਮਾਮਲੇ ਨੂੰ ਵਿਸ਼ਾ ਮਾਹਿਰਾਂ ਕੋਲ ਭੇਜਿਆ ਸੀ ਅਤੇ ਉਨ੍ਹਾਂ ਕੋਲੋਂ ਪ੍ਰਤੀਕਿਰਿਆ ਮੰਗੀ ਸੀ। ਸੀਬੀਐੱਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ, ”11 ਦਸੰਬਰ ਨੂੰ ਲਈ ਗਈ ਸੀਬੀਐੱਸਈ ਦੀ ਦਸਵੀਂ ਜਮਾਤ ਦੀ ਪਹਿਲੀ ਟਰਮ ਦੀ ਪ੍ਰੀਖਿਆ ਦੇ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੇ ਪ੍ਰਸ਼ਨ ਪੱਤਰ ਦੇ ਇਕ ਸੈੱਟ ਵਿਚ ਇਕ ਸਵਾਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਹੀਂ ਸੀ। ਇਸ ਕਰ ਕੇ ਹਿੱਤਧਾਰਕਾਂ ਤੋਂ ਪ੍ਰਾਪਤ ਪ੍ਰਤੀਕਿਰਿਆ ਦੇ ਆਧਾਰ ‘ਤੇ ਮਾਮਲੇ ਨੂੰ ਵਿਸ਼ਾ ਮਾਹਿਰਾਂ ਦੀ ਇਕ ਕਮੇਟੀ ਕੋਲ ਭੇਜਿਆ ਗਿਆ ਸੀ। ਇਸ ਕਮੇਟੀ ਦੀ ਸਿਫ਼ਾਰਿਸ਼ ਅਨੁਸਾਰ ਪੈਰੇ ਅਤੇ ਉਸ ਨਾਲ ਸਬੰਧਤ ਸਵਾਲਾਂ ਨੂੰ ਛੱਡਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਵਾਲ ਲਈ ਸਾਰੇ ਸਬੰਧਤ ਵਿਦਿਆਰਥੀਆਂ ਨੂੰ ਪੂਰੇ ਅੰਕ ਦਿੱਤੇ ਜਾਣਗੇ।” -ਪੀਟੀਆਈ



Source link