ਪਾਕਿਸਤਾਨ ਵਿੱਚ ‘ਓਮੀਕਰੋਨ’ ਦੀ ਦਸਤਕ


ਇਸਲਾਮਾਬਾਦ, 13 ਦਸੰਬਰ

ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਨੇ ਪਾਕਿਸਤਾਨ ਵਿੱਚ ਵੀ ਦਸਤਕ ਦੇ ਦਿੱਤੀ ਹੈ। ਕਰੋਨਾਵਾਇਰਸ ਦੇ ਟਾਕਰੇ ਲਈ ਬਣੀ ਪਾਕਿਸਤਾਨ ਦੀ ਸਿਖਰਲੀ ਸੰਸਥਾ ਨੇ ਦੇਸ਼ ਵਿੱਚ ਓਮੀਕਰੋਨ ਦਾ ਪਹਿਲੇ ਕੇਸ ਰਿਪੋਰਟ ਹੋਣ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਕੋਵਿਡ ਮਹਾਮਾਰੀ ਦੌਰਾਨ ਕੰਮ ਕਰਨ ‘ਚ ਸਰਕਾਰ ਦਾ ਨਿੱਠ ਕੇ ਸਾਥ ਦੇਣ ਵਾਲੇ ਡਾਕਟਰਾਂ ਤੇ ਹੋਰ ਸਬੰਧਤ ਸਟਾਫ਼ ਨੇ ਉਨ੍ਹਾਂ ਨੂੰ ਨਿਯਮਤ ਕੀਤੇ ਜਾਣ ਦੀ ਮੰਗ ਕੀਤੀ ਹੈ। ਇਨ੍ਹਾਂ ਡਾਕਟਰਾਂ ਨੇ ਅੱਜ ਰੋਸ ਵਜੋਂ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਰੈਲੀ ਵੀ ਕੱਢੀ।

ਨੈਸ਼ਨਲ ਕਮਾਂਡ ਤੇ ਅਪਰੇਸ਼ਨ ਸੈਂਟਰ ਨੇ ਕਿਹਾ ਕਰਾਚੀ ਰਹਿੰਦੀ 57 ਸਾਲਾ ਮਹਿਲਾ ਦੇ ਕੋਵਿਡ-19 ਦੇ ਨਵੇਂ ਸਰੂਪ ਨਾਲ ਗ੍ਰਸਤ ਹੋਣ ਦਾ ਸ਼ੱਕ ਸੀ ਤੇ ਇਸਲਾਮਾਬਾਦ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਹੈੱਲਥ ਵੱਲੋਂ ਕੀਤੇ ਨਮੂਨੇ ਦੀ ਕੀਤੀ ਜੀਨੋਮ ਸੀਕੁਐਂਸਿੰਗ ਦੌਰਾਨ ਉਹ ਨਵੇਂ ਸਰੂਪ ਦੀ ਲਾਗ ਤੋਂ ਪੀੜਤ ਪਾਈ ਗਈ ਹੈ। ਸੈਂਟਰ ਨੇ ਇਕ ਟਵੀਟ ਵਿੱਚ ਕਿਹਾ ਕਿ ਇਹ ਓਮੀਕਰੋਨ ਸਰੂਪ ਦਾ ਪਹਿਲਾ ਕੇਸ ਹੈ। ਸੰਸਥਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਦੇ ਨਵੇਂ ਤੇ ਪੁਰਾਣੇ ਸਰੂਪਾਂ ਤੋਂ ਸੁਰੱਖਿਆ ਲਈ ਜਿੰਨਾ ਛੇਤੀ ਹੋਵੇ ਟੀਕਾਕਰਨ ਕਰਵਾਉਣ। -ਪੀਟੀਆਈSource link